ਬਟਾਲਾ, 23 ਮਈ (ਬੋਬੀ ਸਹਿਜਲ – ਧਰਮਿੰਦਰ) : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਕੱਲ 24 ਮਈ 2023 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਬੈਂਕਿੰਗ ਸੈਕਟਰ ਨਾਲ ਸਬੰਧਤ ਯੈਸ ਬੈਂਕ ਗੁਰਦਾਸਪੁਰ ਵੱਲੋਂ ਮਾਰਕਟਿੰਗ ਅਤੇ ਸੇਲਜ ਦੀ ਅਸਾਮੀ ਲਈ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਅਸਾਮੀ ਲਈ ਯੋਗਤਾ ਘੱਟ ਤੋਂ ਘੱਟ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 21-26 ਸਾਲ ਹੈ। ਇੰਟਰਵਿਊ ਦੌਰਾਨ ਚੁਣੇ ਗਏ ਪ੍ਰਾਰਥੀਆਂ ਨੂੰ ਬੈਂਕ ਦੇ ਨਿਯਮਾਂ ਅਨੁਸਾਰ ਤਨਖਾਹ ਮਿਲਣ ਯੋਗ ਹੋਵੇਗੀ।ਉਨ੍ਹਾਂ ਅੱਗੇ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ 24 ਮਈ ਨੂੰ ਆਪਣੇ ਅਸਲ ਦਸਤਾਵੇਜ ਦੀਆਂ ਕਾਪੀਆਂ, ਰੀਜੂਮ (ਸੀ.ਵੀ) ਅਤੇ 2 ਫੋਟੋਆਂ ਸਮੇਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9:30 ਵਜੇ ਤੱਕ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ।