Home Religion ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਨੂੰ ਯਾਤਰੂ ਦਿਸਚਸਪੀ...

ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਨੂੰ ਯਾਤਰੂ ਦਿਸਚਸਪੀ ਦਾ ਕੇਂਦਰ ਬਣਾਉ

61
0


ਲੁਧਿਆਣਾਃ 27 ਸਤੰਬਰ( ਧਰਮਿੰਦਰ, ਬੌਬੀ ਸਹਿਜਲ) –
ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਰਾਏਕੋਟ ਬੱਸੀਆਂ( ਲੁਧਿਆਣਾ) ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਕਿਹਾ ਹੈ ਕਿ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਨੂੰ ਯਾਤਰੂ ਦਿਸਚਸਪੀ ਦਾ ਕੇਂਦਰ ਬਣਾਇਆ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਰਫ਼ ਲੁਧਿਆਣਾ ਨੂੰ ਹੀ ਵਿਕਸਤ ਕਰਨਾ ਹੋਵੇ ਤਾਂ ਦੋ ਸਰਕਟ ਬਣ ਸਕਦੇ ਹਨ। ਇੱਕ  ਸਰਕਟ ਸ਼ਹੀਦ ਸੁਖਦੇਵ ਦੇ ਨੌਘਰਾ ਸਥਿਤ ਜਨਮ ਸਥਾਨ ਲੁਧਿਆਣਾ ਤੋਂ ਸ਼ੁਰੂ ਕਰਕੇ ਪੱਖੋਵਾਲ ਰੋਡ ਰਾਹੀਂ  ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਨਮ ਸਥਾਨ ਨਾਰੰਗਵਾਲ ਰਾਹੀਂ ਹੁੰਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਸਥਾਨ ਪਿੰਚ ਸਰਾਭਾ ਦੇ ਦਰਸ਼ਨ ਕਰਨ ਉਪਰੰਤ ਰਾਏਕੋਟ ਪੁੱਜਿਆ ਜਾ ਸਕਦਾ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਹਫ਼ਤਾ ਮੁਸਲਮਾਨ ਰਾਜਪੂਤ ਹਾਕਮ ਰਾਏ ਕੱਲ੍ਹਾ ਜੀ ਪਾਸ ਠਹਿਰੇ ਸਨ। ਇਥੋਂ ਜਾ ਕੇ ਹੀ ਨੂਰਾ ਮਾਹੀ ਨੇ ਸਰਹਿੰਦ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਲਿਆ ਕੇ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਇਥੋਂ ਨਿਕਲ ਕੇ ਜਗਰਾਉਂ ਰੋਡ ਸਥਿਤ ਬੱਸੀਆਂ ਸੀਲੋਆਣੀ ਦੀ ਹੱਦ ਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਯਾਦਗਾਰ ਵੇਖੀ ਜਾ ਸਕਦੀ ਹੈ। ਇਸੇ ਸਥਾਨ ਤੇ ਬਾਲ ਅਵਸਥਾ ਵਾਲੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਨੇ ਵਲਾਇਤ ਜਾਣ ਲੱਗਿਆਂ ਆਖ਼ਰੀ ਰਾਤ ਕੱਟੀ ਸੀ। ਇਸ ਦੀ ਉਸਾਰੀ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਦੀ ਪਹਿਲਕਦਮੀ ਤੇ ਪੰਜਾਬ ਸਰਕਾਰ ਨੇ 2010-2014 ਦੌਰਾਨ ਸਃ ਪਰਕਾਸ਼ ਲਿੰਘ ਬਾਦਲ ਜੀ ਦੀ ਨਿਗਰਾਨੀ ਹੇਠ ਇਨਟੈਕ  ਪਾਸੋਂ  ਸਃ ਰਣਜੀਤ ਸਿੰਘ ਤਲਵੰਡੀ, ਪਿਰਥੀਪਾਲ ਸਿੰਘ ਹੇਅਰ, ਅਮਨਦੀਪ ਸਿੰਘ ਗਿੱਲ, ਪਰਮਿੰਦਰ ਸਿੰਘ ਜੱਟਪੁਰੀ ਦੀ ਹਿੰਮਤ ਸਦਕਾ 5.80 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਹੈ। ਇਹ ਰਮਣੀਕ ਸਥਾਨ ਸੈਰ ਸਪਾਟੇ ਪੱਖੋਂ ਮਾਲਵੇ ਦਾ ਪ੍ਰਮੁੱਖ ਕੇਂਦਰ ਬਣ ਚੁਕਾ ਹੈ।
ਇਸ ਸਥਾਨ ਤੋਂ ਅੱਗੇ ਗੁਰਦੁਆਰਾ ਮਹਿਦੇਆਣਾ ਸਾਹਿਬ ਰਾਹੀਂ ਹੋ ਕੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ।
ਵਾਪਸੀ ਤੇ ਇਸਤਰੀ ਸਿੱਖਿਆ ਦੇ ਪੰਜਾਬ ਚ ਪਹਿਲੇ ਕੇਂਦਰ ਸਿੱਧਵਾਂ ਖ਼ੁਰਦ ਦੇ ਇਤਿਹਾਸ ਬਾਰੇ ਜਾਣਿਆ ਜਾ ਸਕਦਾ ਹੈ।
ਪ੍ਰੋਃ ਗਿੱਲ ਨੇ ਕਿਹਾ ਕਿ ਦੂਜਾ ਸਰਕਟ ਚਮਕੌਰ ਸਾਹਿਬ, ਮਾਛੀਵਾੜਾ, ਕਿਲ੍ਹਾ ਰਾਏਪੁਰ ਤੇ ਆਲਮਗੀਰ ਬਣ ਸਕਦਾ ਹੈ ਜੋ ਸਿੱਖ ਇਤਿਹਾਸ ਤੇ ਖੇਡ ਜਗਤ ਦੀ ਵਿਰਾਸਤ ਤੋਂ ਯਾਤਰੂਆਂ ਨੂੰ ਪੰਜਾਬ ਨਾਲ ਜੋੜ ਸਕਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਮਗਰੋਂ ਕਿਸੇ ਸਰਕਾਰ ਨੇ ਵੀ ਡਾਃ ਮ ਸ ਰੰਧਾਵਾ ਵਰਗੇ ਦੂਰ ਦ੍ਰਿਸ਼ਟੀਵਾਨ ਪ੍ਰਸ਼ਾਸਕ ਦੀਆਂ ਸਿਫ਼ਾਰਸ਼ਾਂ ਵੱਲ ਧਿਆਨ ਨਹੀਂ ਦਿੱਤਾ। ਪੰਜਾਬ ਦੀ ਕਲਚਰਲ ਐਟਲਸ ਦੀ ਵੀ ਅਣਹੋਂਦ ਰੜਕਦੀ ਹੈ। ਉਨ੍ਹਾਂ ਆਖਿਆ ਕਿ ਲੁਧਿਆਣਾ ਵਾਸੀਆਂ ਚੋਂ ਬਹੁਤਿਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਪੇਂਡੂ ਵਸਤਾਂ ਦਾ ਅਜਾਇਬ ਘਰ ਵੀ ਸ਼ਾਇਦ ਹੀ ਵੇਖਿਆ ਹੋਵੇ। ਸਕੂਲ ਪਾਠਕ੍ਰਮ ਵਿੱਚ ਯਾਤਰੀ ਸਥਾਨ ਚੈਪਟਰ ਜੋੜਨ ਦੀ ਲੋੜ ਹੈ। ਸੈਰ ਸਪਾਟਾ ਵਿਕਾਸ ਲਈ ਲੰਮੀ ਮਿਆਦ ਦੀ ਸਵੈ ਸਮਰੱਥ ਯੋਜਨਾ ਉਲੀਕਣ ਦੀ ਲੋੜ ਹੈ ਤਾਂ ਜੋ ਇਹ ਮਹਿਜ਼ ਇੱਕ ਦਿਵਸ ਮਨਾਉਣ ਦੀ ਰਸਮ ਨਾ ਰਹਿ ਜਾਵੇ।

LEAVE A REPLY

Please enter your comment!
Please enter your name here