ਐਸ.ਡੀ.ਐਮ. ਹਰਪ੍ਰੀਤ ਅਟਵਾਲ ਨੇ ਰਾਮ ਲੀਲ੍ਹਾ ਕਲੱਬਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 27 ਸਤੰਬਰ: ( ਮੋਹਿਤ ਜੈਨ, ਦੀਪਕ ਗੁੰਬਰ) –
ਰਾਮ ਲੀਲਾ ਦਾ ਮੰਚਨ ਕਰਨ ਵਾਲੇ ਸਮੂਹ ਕਲੱਬ ਅਤੇ ਸੋਸਾਇਟੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਰਾਮਲੀਲਾ ਦੇ ਮੰਚਨ ਸਮੇਂ ਦੇਵੀ ਦੇਵਤਿਆਂ ਦਾ ਪਾਠ ਕਰਨ ਸਮੇਂ ਮਰਿਆਦਾ ਦੀ ਪੂਰਨ ਰੂਪ ਵਿੱਚ ਪਾਲਣਾ ਕੀਤੀ ਜਾਵੇ ਅਤੇ ਦੇਵੀ ਦੇਵਤਿਆਂ ਦਾ ਪਾਠ ਕਰਨ ਸਮੇਂ ਲੱਚਰ ਗਾਣਿਆਂ ਤੇ ਸ਼ਰਾਬ ਪੀ ਕੇ ਨੱਚਣ ਵਾਲੇ ਦ੍ਰਿਸ਼ ਨਾ ਵਿਖਾਏ ਜਾਣ ਤਾਂ ਜੋ ਕਿਸੇ ਵੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਹ ਆਦੇਸ਼ ਸਬ ਡਵੀਜ਼ਨਲ ਮੈਜਿਸਟਰੇਟ ਫ਼ਤਹਿਗੜ੍ਹ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਨੇ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲੱਬਾਂ ਤੇ ਸੋਸਾਇਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ।
ਸ਼੍ਰੀ ਅਟਵਾਲ ਨੇ ਦੱਸਿਆ ਕਿ ਕਈ ਕਲੱਬਾਂ ਨੇ ਉਨ੍ਹਾਂ ਦੇ ਧਿਆਨ ਵਿੰਚ ਲਿਆਂਦਾ ਹੈ ਕਿ ਕੁਝ ਕਲੱਬਾਂ ਤੇ ਸੋਸਾਇਟੀਆਂ ਵੱਲੋਂ ਰਾਮਲੀਲਾ ਦਾ ਮੰਚਨ ਕਰਨ ਸਮੇਂ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਿਸ ਨਾਲ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਸਮੂਹ ਕਲੱਬਾਂ ਤੇ ਸੋਸਾਇਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸਾਡਾ ਦੇਸ਼ ਅਨੇਕਾਂ ਧਰਮਾਂ ਦੇ ਲੋਕਾਂ ਦੇ ਰਹਿਣ ਦੇ ਬਾਵਜੂਦ ਅਨੇਕਤਾ ਵਿੱਚ ਏਕਤਾ ਤੇ ਵਿਸ਼ਵਾਸ਼ ਕਰਦਾ ਹੈ ਇਸ ਲਈ ਇਸ ਨੁੰ ਬਣਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਪ੍ਰਸਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਿਖਾਈ ਜਾਵੇ।