ਨਵਜੋਤ ਸਿੰਘ ਸਿੱਧੂ ਦੇਸ਼ ਦੀ ਰਾਜਨੀਤੀ ਵਿੱਚ ਇੱਕ ਅਜਿਹਾ ਨਾਂ ਹੈ, ਜਿਸ ਨੇ ਕ੍ਰਿਕਟ ਦੇ ਮੈਦਾਨ ਨੂੰ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਕ ਵਾਰ ਸਿਆਸਤ ਵਿੱਚ ਆਉਣ ਤੋਂ ਬਾਅਦ ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਜਦੋਂ ਉਹ ਬੀਜੇਪੀ ਵਿੱਚ ਸਨ ਤਾਂ ਉਹ ਕਾਂਗਰਸ ਦੀ ਖੂਬ ਨਿੰਦਾ ਕਰਦੇ ਸਨ , ਕਾਂਗਰਸ ਵਿੱਚ ਆਉਂਦਿਆਂ ਹੀ ਉਨ੍ਹਾਂ ਨੇ ਭਾਜਪਾ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸਥਾਨਕ ਸਰਕਾਰਾਂ ਦੇ ਮੰਤਰੀ ਦਾ ਅਹੁਦਾ ਮਿਲਿਆ ਪਰ ਉਥੇ ਮਤਭੇਦ ਪੈਦਾ ਹੋਣ ਕਾਰਨ ਮੰਤਰੀ ਦਾ ਅਹੁਦਾ ਛੱਡ ਦਿਤਾ ਅਤੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ ਸੀ। ਕੈਪਟਨ ਨੂੰ ਕੁਰਸੀ ਤੋਂ ਲਾਂਭੇ ਕਰਵਾਉਣ ਵਿਚ ਨਵਜੋਤ ਸਿੰਘ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ। ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਤਾਜ ਹਾਸਿਲ ਹੋਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਦੀ ਸਹਿਮਤੀ ਨਾਲ ਹੀ ਪਾਰਟੀ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿਤਾ ਤਾਂ ਉਸਤੋਂ ਥੋੜੀ ਦੇਰ ਬਾਅਦ ਹੀ ਚੰਨੀ ਵੀ ਉਨ੍ਹਾਂ ਦੇ ਪੈਮਾਨੇ ਅਨੁਸਾਰ ਸਹੀ ਨਹੀਂ ਲੱਗੇ ਤਾਂ ਉਨ੍ਹਾਂ ਚੰਨੀ ਖਿਲਾਫ ਵੀ ਬਲਣਾ ਸ਼ੁਰੂ ਕਰ ਦਿਤਾ। ਉਸ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਨ ਦੀ ਵਾਰੀ ਆਈ ਤਾਂ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਪਰ ਪਾਰਟੀ ਦੀ ਧੜੇਬੰਦੀ ਸਿਖਰਾਂ ’ਤੇ ਰਹੀ। ਸਿੱਧੂ ਕਿਸੇ ਵੀ ਉਮੀਦਵਾਰ ਲਈ ਬਤੌਰ ਸਟਾਰ ਪ੍ਰਚਾਰਕ ਅਤੇ ਪਾਰਟੀ ਪ੍ਰਧਾਨ ਹੋਣ ਤੇ ਵੀ ਪ੍ਰਚਾਰ ਲਈ ਨਹੀਂ ਗਏ। ਜਿਸ ਕਾਰਨ ਮੁੱਖ ਮੰਤਰੀ ਚੰਨੀ , ਨਵਜੋਤ ਸਿੰਘ ਸਿੱਧੂ, ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਕਾਗਰਸ ਦੀਆਂ ਸਾਰੀਆਂ ਹੀ ਵੱਡੀਆਂ ਤੋਪਾਂ ਲੁੜਕ ਗਈਆਂ। ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਕਾਰਨ ਕੈਪਟਨ ਅਮਰਿੰਦਰ ਸਿੰਘ ਪਾਰਟੀ ਤੋਂ ਨਾਰਾਜ ਹੋਏ, ਸੀਨੀਅਰ ਨੇਤਾ ਸੁਨੀਲ ਜਾਖੜ ਪਹਿਲਾਂ ਮੁੱਖ ਮੰਤਰੀ ਦਾ ਅਹੁਦਾ ਫਿਰ ਪ੍ਰਧਾਨਗੀ ਦਾ ਅਹੁਦਾ ਨਾ ਦਿਤੇ ਜਾਣ ਕਾਰਨ ਨਾਰਾਜ ਹੋ ਗਏ ਅਤੇ ਇਹ ਦੋਵੇਂ ਨੇਤਾ ਭਾਜਪਾ ਵਿਚ ਚਲੇ ਗਏ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਪੁਰਾਣੇ ਰੋਡਵੇਜ਼ ਮਾਮਲੇ ’ਚ ਅਦਾਲਤ ਨੇ 1 ਸਾਲ ਦੀ ਸਜ਼ਾ ਸੁਣਾਈ ਗਈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਨਵਜੋਤ ਸਿੰਘ ਸਿੱਧੂ ਜੇਲ ’ਚ ਨਜ਼ਰਬੰਦ ਹਨ। ਪਾਰਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਸੌਂਪ ਦਿਤੀ ਪਰ ਉਹ ਪੂਰੇ ਢਾਂਚੇ ਨੂੰ ਨਾਲ ਲੈ ਕੇ ਚੱਲਣ ਵਿਚ ਸਫਲ ਨਹੀਂ ਹੋ ਸਕੇ। ਹੁਣ 2024 ’ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ’ਚ ਕਾਂਗਰਸ ਹਾਈਕਮਾਂਡ ਨੇ ਕਾਂਗਰਸ ਨੂੰ ਪੰਜਾਬ ’ਚੋਂ ਸੰਸਦੀ ਸੀਟਾਂ ਮਿਲਣ ’ਤੇ ਸ਼ੰਕਾ ਹੋ ਰਹੀ ਹੈ। ਜਿਸ ਕਾਰਨ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਜੇਲ ’ਚ ਚਿੱਠੀ ਲਿਖੀ ਤਾਂ ਅਚਾਨਕ ਪੰਜਾਬ ਦੀ ਸਿਆਸਤ ’ਚ ਨਵਜੋਤ ਸਿੰਘ ਸਿੱਧੂ ਦੀ ਫਿਰ ਤੋਂ ਚਰਚਾ ਹੋਣੀ ਸ਼ੁਰੂ ਹੋ ਗਈ ਸੀ। ਜਿਸ ਤੋਂ ਬਾਅਦ ਸਿੱਧੂ ਨੂੰ ਪੰਜਾਬ ਦੇ ਵੱਡੇ ਕਾਂਗਰਸੀ ਨੇਤਾ ਮਿਲਣ ਲਈ ਜੇਲ ਪਹੁੰਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਚੰਗੇ ਵਿਵਹਾਰ ਦਾ ਹਵਾਲਾ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ। ਜਿਸ ਤਹਿਤ ਕਾਂਗਰਸ ਪਾਰਟੀ ’ਚ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ। ਜਿਸ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਾਹੁਲ ਵਲੋਂ ਸ਼ੁਰੂ ਕੀਤੀ ਗਈ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਭਾਰਤ ਜੋੜੋ ਯਾਤਰਾ ਵੀ ਜਨਵਰੀ ਦੇ ਸ਼ੁਰੂ ਵਿੱਚ ਪੰਜਾਬ ਪਹੁੰਚ ਜਾਏਗੀ। ਉਸ ਸਮੇਂ ਵੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਰਖ ਹੋਵੇਗੀ ਕਿਉਂਕਿ ਜੋ ਲੋਕ ਰਾਜਾ ਵੜਿੰਗ ਤੋਂ ਨਾਰਾਜ਼ ਹਨ ਅਤੇ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਵਿੱਚ ਅਹਿਮ ਭੂਮਿਕਾ ਨਿਭਾਉਣ ਤਾਂ ਉਨ੍ਹਾਂ ਵੱਲੋਂ ਰਾਹੁਲ ਦੇ ਇਸ ਪ੍ਰੋਗ੍ਰਾਮ ਸੰਬੰਧੀ ਪਿੱਛੇ ਰਹਿ ਕੇ ਨਾਕਾਰਤਮਕ ਭੂਮਿਕਾ ਨਿਭਾਈ ਜਾ ਸਕਦੀ ਹੈ। ਭਾਵੇਂ ਰਾਜਾ ਵੜਿੰਗ ਰਾਹੁਲ ਗਾਂਧੀ ਦੀ ਗੁੱਡ ਬੁੱਕ ਵਿਚ ਹਨ, ਪਰ ਨਵਜੋਤ ਸਿੰਘ ਸਿੱਧੂ ਨਾਲ ਵੀ ਉਨ੍ਹਾਂ ਦੀ ਪਰਿਵਾਰਕ ਨੇੜਤਾ ਹੈ। ਨਵਜੋਤ ਸਿੰਘ ਸਿੱਧੂ ਦੀ ਬੇਬਾਕੀ ਨਾਲ ਬੋਲਣ ਦਾ ਅੰਦਾਜ਼ ਅਤੇ ਉਨ੍ਹਾਂ ਦੀ ਲੋਕਪ੍ਰਿਅਤਾ ਕਿਸੇ ਤੋਂ ਛੁਪੀ ਨਹੀਂ ਹੈ। ਜਿਸ ਕਾਰਨ ਕਾਂਗਰਸ ਹਾਈਕਮਾਂਡ ਪਹਿਲਾਂ ਵਾਲੀ ਗਲਤੀ ਨੂੰ ਦੁਹਰਾਉਣਾ ਨਹੀਂ ਚਾਹੇਗੀ ਅਤੇ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਨਵਜੋਤ ਸਿੰਘ ਸਿੱਧੂ ਨੂੰ ਸਾਹਮਣੇ ਲਿਆ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੈਦਾਨ ਤਿਆਰ ਕਰਨਾ ਸ਼ੁਰੂ ਕਰੇਗੀ। ਇ ਵਿਚ ਕੋਈ ਸ਼ੱਕ ਮਨਹੀਂ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਦੇ ਕੇ ਕਾਂਗਰਸ ਫਰੰਟ ਤੇ ਚੱਲਦੀ ਹੈ ਤਾਂ ਕਾਂਗਰਸ ਪਾਰਟੀ ਪੰਜਾਬ ਵਿੱਚ ਪਹਿਲਾਂ ਨਾਲੋਂ ਬਿਹਤਰ ਭੂਮਿਕਾ ਵਿੱਚ ਨਜ਼ਰ ਆਵੇਗੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਉਸਤੋਂ ਵਿਰੋਧੀ ਪਾਰਟੀਆਂ ਖੁਸ਼ ਨਹੀੰ ਹਨ। ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਅਤੇ ਦਾਅਵੇ ਪੂਰੇ ਨਹੀਂ ਹ ਸਕੇ। ਵਾਰ-ਵਾਰ ਐਲਾਨ ਕਰਨ ਦੇ ਬਾਵਜੂਦ ਰੇਤ ਦੇ ਭਾਅ ਘੱਟ ਨਹੀਂ ਹੋ ਰਹੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਵਾਅਦੇ ਪੂਰੇ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਲੋਕਾਂ ਤੱਕ ਨਹੀਂ ਜਾ ਸਕੀ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿਸ ਤਰ੍ਹਾਂ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਾ ਕੇ ਜੇਲ ਜਾ ਰਹੇ ਹਨ ਉਸ ਨਾਲ ਪੰਜਾਬ ’ਚ ਕਾਂਗਰਸ ਬੈਕਫੁੱਟ ’ਤੇ ਆ ਗਈ ਹੈ। ਜਿਸ ਨੂੰ ਫਿਰ ਤੋਂ ਖੜ੍ਹੇ ਹੋਣ ਲਈ ਇਕ ਬੇਬਾਕ ਅਤੇ ਨਿਧੜਕ ਨੇਤਾ ਦੀ ਲੋੜ ਹੈ। ਜੋ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਜੇਲ ’ਚੋਂ ਬਾਹਰ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਦੇ ਮੋਢਿਆਂ ’ਤੇ ਪੰਜਾਬ ਵਿਚ ਕਾਂਗਰਸ ਦੀ ਵਾਪਸੀ ਲਈ ਮੈਦਾਨ ਤਿਆਰ ਕਰਨ ਦਾ ਸੁਪਨਾ ਲੈ ਰਹੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਜੇਕਰ ਕਾਂਗਰਸ ਉਨ੍ਹਾਂ ਨੂੰ ਕੋਈ ਅਹਿਮ ਅਹੁਦਾ ਦਿੰਦੀ ਹੈ ਤਾਂ ਉਹ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਅਤੇ ਵਰਕਰਾਂ ਨੂੰ ਕਿਵੇਂ ਨਾਲ ਲੈ ਕੇ ਆਉਣਗੇ ਅਤੇ ਉਨ੍ਹਾਂ ਨੂੰ ਕਿਵੇਂ ਜੋੜ ਕੇ ਰੱਖ ਸਕਣਗੇ।
ਹਰਵਿੰਦਰ ਸਿੰਘ ਸੱਗੂ।