ਸਿੱਧਵਾਂਬੇਟ, 30 ਅਪ੍ਰੈਲ ( ਅਸ਼ਵਨੀ, ਧਰਮਿੰਦਰ )-ਸਾਢੇ ਚਾਰ ਏਕੜ ਖੇਤਾਂ ’ਚ ਖੜ੍ਹੀ ਕਣਕ ਨੂੰ ਅੱਗ ਲਗਾਉਣ ਦੇ ਦੋਸ਼ ’ਚ ਥਾਣਾ ਸਿੱਧਵਾਂਬੇਟ ਵਿਖੇ ਇਕੋ ਪਰਿਵਾਰ ਦੀਆਂ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਦੇਸਰਾਜ ਵਾਸੀ ਕੰਨੀਆਂ ਖੁਰਦ ਨੇ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਜਸਵੰਤ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਨੇ ਉਸ ਨੂੰ ਸਾਢੇ ਚਾਰ ਏਕੜ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਹੈ। ਜਿਸ ਵਿੱਚ ਉਸਨੇ ਕਣਕ ਦੀ ਬਿਜਾਈ ਕੀਤੀ ਹੈ। ਹੁਣ ਰੇਸ਼ਮ ਸਿੰਘ, ਉਸ ਦੀ ਪਤਨੀ ਕੌਸ਼ੱਲਿਆ ਬਾਈ, ਲੜਕੀ ਬਲਵਿੰਦਰ ਕੌਰ, ਲੜਕਾ ਕ੍ਰਿਸ਼ਨ ਸਿੰਘ ਅਤੇ ਬਲਜੀਤ ਸਿੰਘ ਸਾਰੇ ਵਾਸੀ ਪਰਜੀਆਂ ਬਿਹਾਰੀਪੁਰ ਉਸ ਨੂੰ ਕਣਕ ਦੀ ਵਾਢੀ ਕਰਨ ਤੋਂ ਰੋਕਦੇ ਸਨ ਅਤੇ ਕਹਿੰਦੇ ਸਨ ਕਿ ਇਹ ਜ਼ਮੀਨ ਸਾਡੀ ਹੈ। ਪਰ ਜ਼ਮੀਨ ਜਸਵੰਤ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਨੇ ਰੇਸ਼ਮ ਸਿੰਘ ਤੋਂ ਫਰਵਰੀ 2012 ਵਿੱਚ ਖਰੀਦੀ ਸੀ। ਰੇਸ਼ਮ ਸਿੰਘ ਆਪਣੇ ਪਰਿਵਾਰ ਸਮੇਤ ਉਸ ਨੂੰ ਜਾਣਬੁੱਝ ਕੇ ਕਣਕ ਦੀ ਵਾਢੀ ਕਰਨ ਤੋਂ ਰੋਕ ਰਿਹਾ ਸੀ। ਜਦੋਂ ਉਹ ਕੰਬਾਈਨ ਨਾਲ ਆਪਣੀ ਜ਼ਮੀਨ ਵਿੱਚੋਂ ਕਣਕ ਦੀ ਕਟਾਈ ਕਰ ਰਿਹਾ ਸੀ ਤਾਂ ਰੇਸ਼ਮ ਸਿੰਘ, ਕੌਸ਼ੱਲਿਆ ਬਾਈ, ਬਲਵਿੰਦਰ ਕੌਰ, ਕ੍ਰਿਸ਼ਨ ਸਿੰਘ ਅਤੇ ਬਲਜੀਤ ਸਿੰਘ ਆ ਕੇ ਉਸ ਦੀ ਕਣਕ ਨੂੰ ਅੱਗ ਲਗਾ ਗਏ। ਬਾਅਦ ਵਿੱਚ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਉਸ ਦੀ ਤਿੰਨ ਏਕੜ ਜ਼ਮੀਨ ਦੀ ਕਣਕ ਸੜ ਗਈ। ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿਖੇ ਰੇਸ਼ਮ ਸਿੰਘ, ਕੌਸ਼ੱਲਿਆ ਬਾਈ, ਬਲਵਿੰਦਰ ਕੌਰ, ਕ੍ਰਿਸ਼ਨ ਸਿੰਘ ਅਤੇ ਬਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।