Home Health ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਵਿੱਚ ਹੋ ਸਕਦੀਆਂ ਹਨ ਹਾਈਪੋਥਰਮੀਆ, ਬੁਖਾਰ, ਨਮੂਨੀਆ...

ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਵਿੱਚ ਹੋ ਸਕਦੀਆਂ ਹਨ ਹਾਈਪੋਥਰਮੀਆ, ਬੁਖਾਰ, ਨਮੂਨੀਆ ਬਿਮਾਰੀਆਂ

90
0

ਮੋਗਾ, 3 ਜਨਵਰੀ ( ਅਸ਼ਵਨੀ, ਮੋਹਿਤ ਜੈਨ) -ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਪਸ਼ੂ ਪਾਲਕਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੋਹ ਮਾਘ ਦੇ ਮਹੀਨੇ ਵਿੱਚ ਬਹੁਤ ਸਰਦੀ ਅਤੇ ਕੋਰੇ ਕਾਰਣ ਪਸ਼ੁਆਂ ਵਿੱਚ ਹਾਈਪੋਥਰਮੀਆ, ਮੋਕ, ਬੁਖਾਰ, ਨਮੂਨੀਆ ਆਦਿ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਲਵੇਰਿਆਂ ਲਈ ਢੁਕਵਾਂ ਤਾਪਮਾਨ 20-25 ਡਿਗਰੀ ਅਤੇ ਨਮੀ ਲਗਭਗ 70 ਫੀਸਦੀ ਹੁੰਦੀ ਹੈ। ਇਹ ਤਾਪਮਾਨ ਵਿੱਚ ਗਿਰਾਵਟ ਅਤੇ ਨਮੀ ਦਾ ਵਧਣਾ ਪਸ਼ੂਆਂ ਤੇ ਸਟਰੈੱਸ ਲੈਵਲ ਵਧਾਉਂਦਾ ਹੈ ਜਿਸ ਕਾਰਣ ਦੁਧਾਰੂ ਪਸ਼ੂਆਂ ਦਾ ਦੁੱਧ ਘਟ ਜਾਂਦਾ ਹੈ ਅਤੇ ਹੋਰ ਵਾਇਰਲ ਅਤੇ ਬੈਕਟੀਰੀਅਲ ਬਿਮਾਰੀਆਂ ਦਾ ਹਮਲਾ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਇਸ ਲਈ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਪਸੂਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਲਈ ਕੁਝ ਨੁਕਤੇ ਵਿਚਾਰੇ ਜਾਣੇ ਚਾਹੀਦੇ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਵੇਂ ਕਿ ਪਸ਼ੂਆਂ ਨੂੰ ਸਵੇਰੇ ਸ਼ਾਮ ਸ਼ੈੱਡ ਵਿੱਚ ਰੱਖੋ ਜਿੱਥੇ ਸਿੱਧੀ ਹਵਾ ਨਾ ਲੱਗੇ। ਪਸ਼ੂਆਂ ਨੂੰ ਦਿਨ ਵੇਲੇ ਧੁੱਪੇ ਬੰਨੋ। ਪਸ਼ੂਆਂ ਨੂੰ ਨਿੱਘਾ ਅਤੇ ਤਾਜਾ ਪਾਣੀ ਹੀ ਦਿਉ। ਪਸ਼ੂਆਂ ਦੇ ਨੀਚੇ ਪਰਾਲੀ ਆਦਿ ਵਿਛਾ ਕੇ ਜਗ੍ਹਾ ਨੂੰ ਸੁੱਕਾ ਰੱਖਿਆ ਜਾਵੇ।ਉਨ੍ਹਾਂ ਅੱਗੇ ਦੱਸਿਆ ਕਿ ਹਰਾ ਚਾਰਾ, ਦਾਣਾ ਅਤੇ ਧਾਤਾਂ ਦਾ ਚੂਰੇ ਦੀ ਮਾਤਰਾ ਵਿੱਚ ਵਾਧਾ ਕਰੋ। ਪਸ਼ੂਆਂ ਨੂੰ ਤਰੇਲੇ ਹੋਏ ਹਰੇ ਪੱਠੇ ਨਹੀਂ ਪਾਉਣੇ ਚਾਹੀਦੇ। ਪਸ਼ੂਆਂ ਦੀ ਖੁਰਲੀ ਵਿੱਚ ਕਾਲੇ ਨਮਕ ਦੀ ਇੱਟ ਰੱਖੋ। ਤਾਜੇ ਸੂਏ ਪਸ਼ੂਆਂ ਨੂੰ ਗੁੜ/ਬੱਕਲੀਆਂ ਆਦਿ ਚਾਰਿਆ ਜਾ ਸਕਦਾ ਹੈ। ਨਵੇਂ ਜੰਮੇ ਕਟਰੂ/ਵਛਰੂ ਨੂੰ ਵੀ ਸਰਦੀ ਤੋਂ ਬਚਾਉਣ ਲਈ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕਟਰੂ ਨੂੰ 21 ਦਿਨ ਮਾਂ ਦਾ ਦੁੱਧ ਹੀ ਚੁੰਘਾਉ। ਜੇਕਰ ਪਸ਼ੂ ਜਿਆਦਾ ਕਮਜ਼ੋਰੀ ਦਿਖਾਵੇ ਤਾਂ ਨਾਲ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰਕੇ ਸਮੇਂ ਸਿਰ ਇਲਾਜ ਕਰਵਾਉ। ਮੌਸਮੀ ਬਿਮਾਰੀਆਂ ਤੋਂ ਬਚਾਉ ਖਾਤਰ ਪਸ਼ੂਆਂ ਨੂੰ ਡਾਕਟਰੀ ਸਲਾਹ ਮੁਤਾਬਿਕ ਵੈਕਸੀਨੇਸ਼ਨ ਕਰਵਾਉ।

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਸਰਦੀਆਂ ਦੇ ਮੌਸਮ ਵਿੱਚ ਉਹ ਆਪਣੇ ਪਸ਼ੂਆਂ ਦਾ ਖਾਸ ਖਿਆਲ ਰੱਖਣ ਨੂੰ ਯਕੀਨੀ ਬਣਾਉਣ।

LEAVE A REPLY

Please enter your comment!
Please enter your name here