ਲੁਧਿਆਣਾ 9 ਜਨਵਰੀ ( ਵਿਕਾਸ ਮਠਾੜੂ) -ਉੱਘੇ ਪੰਜਾਬੀ ਲੇਖਕ ਤੇ ਸੇਵਾ ਮੁਕਤ ਪੁਲੀਸ ਕਮਿਸ਼ਨਰ ਸਃ ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਿਹਾ ਹੈ ਕਿ ਸਾਂਝੇ ਪਰਿਵਾਰਕ ਢਾਂਚੇ ਦਾ ਟੁੱਟਣਾ ਸਮਾਜਿਕ ਵਿਕਾਸ ਨੂੰ ਨਿਘਾਰ ਵੱਲ ਤੋਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੁਰਮ, ਨਸ਼ਾਖ਼ੋਰੀ, ਵਿਹਲੜ ਸੱਭਿਆਚਾਰ, ਖੇਡਾਂ ਤੇ ਸਾਹਿੱਤ ਵੱਲ ਬੇਰੁਖ਼ੀ, ਬੇਗਾਨਗੀ ਦਾ ਅਹਿਸਾਸ ਵਧਣ ਦਾ ਕਾਰਨ ਇਹੀ ਹੈ ਕਿ ਸਾਂਝਾ ਸੁਪਨਾ, ਸਾਂਝੀ ਜੀਵਨ ਤੋਰ ਤੇ ਸਾਂਝੇ ਆਦਰਸ਼ਾਂ ਦੀ ਥਾਂ ਆਪਹੁਦਰਾਪਨ ਘਰਾਂ ਤੋਂ ਹੀ ਸ਼ੁਰੂ ਹੋ ਗਿਆ ਹੈ। ਤੂਰ ਨੇ ਮਾਲਵਾ ਸੱਭਿਆਚਾਰ ਮੰਚ ਨੂੰ ਸਾਂਝੇ ਸੰਗਠਿਤ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਵੀ ਸਨਮਾਨਣਾ ਚਾਹੀਦਾ ਹੈ ਤਾਂ ਜੋ ਰੋਲ ਮਾਡਲ ਦੇ ਰੂਪ ਵਿੱਚ ਸਮਾਜ ਨੂੰ ਅਜਿਹੇ ਸਫ਼ਲ ਯਤਨ ਵਿਖਾਏ ਜਾ ਸਕਣ। ਤੂਰ ਨੇ ਕਿਹਾ ਕਿ ਸਾਂਝੀ ਸਮਾਜਿਕ ਸੰਵੇਦਨਾ ਮੁੜ ਸੁਰਜੀਤ ਕਰਨ ਲਈ ਸਾਹਿੱਤ ਸੱਭਿਆਚਾਰ ਤੇ ਕਲਾ ਨਾਲ ਸਬੰਧਿਤ ਸੰਸਥਾਵਾਂ ਨੂੰ ਸੁਚੇਤ ਯਤਨ ਕਰਨੇ ਪੈਣਗੇ।ਮਾਲਵਾ ਸੱਭਿਆਚਾਰਕ ਮੰਚ ਵੱਲੋਂ ਇਸ ਮੌਕੇ ਪੰਜਾਬੀ ਲੋਕ ਨਾਚ ਗਿੱਧਾ ਦੇ ਖੇਤਰ ਵਿੱਚ ਸਿਰਮੌਰ ਸ਼ਖਸੀਅਤ ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਮੈਂਬਰ ਸਰਬਜੀਤ ਕੌਰ ਮਾਂਗਟ ਨੂੰ ਸ਼ਗਨਾਂ ਦੀ ਗਾਗਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪਿਛਲੇ ਤੀਹ ਸਾਲਾਂ ਤੋਂ ਬੀਬਾ ਮਾਂਗਟ ਦੇਸ਼ ਬਦੇਸ਼ ਵਿੱਚ ਗਿੱਧਾ ਪੇਸ਼ਕਾਰੀਆਂ, ਸਿਖਲਾਈ, ਦਸਤਾਵੇਜੀਕਰਨ ਤੇ ਮੂਲ ਸਰੂਪ ਕਾਇਮ ਰੱਖਣ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।
ਉੱਘੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਇਸ ਮੌਕੇ ਆਪਣੀ ਜਗਤ ਪ੍ਰਸਿੱਧ ਗ਼ਜ਼ਲ ਕਿਤਾਬਾਂ ਤੇ ਕੁੜੀਆਂ ਤੋਂ ਸੱਖਣੇ ਜੋ ਘਰ ਨੇ! ਉਹ ਘਰ ਕਾਹਦੇ ਘਰ ਨੇ ਉਹ ਦਰ ਕਾਹਦੇ ਦਰ ਨੇ ਗਾ ਕੇ ਸਰੋਤਿਆਂ ਨੂੰ ਹਮੇਸ਼ਾਂ ਵਾਂਗ ਮੰਤਰ ਮੁਗਧ ਕੀਤਾ।ਮਾਲਵਾ ਸੱਭਿਆਚਾਰਕ ਮੰਚ (ਰਜਿ) ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ 11 ਜਨਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਸਥਿਤ ਬਲਰਾਜ ਸਾਹਨੀ ਓਪਨ ਏਅਰ ਥੀਏਟਰ ਵਿੱਚ ਚੰਗਾ ਸੁਥਰਾ ਲੋਕ ਸੰਗੀਤ ਸਵੇਰੇ 11ਵਜੇ ਤੋਂ ਸ਼ੁਰੂ ਕੀਤਾ ਜਾਵੇਗਾ ਜਿਸ ਦਾ ਆਰੰਭ ਸਰਬਜੀਤ ਮਾਂਗਟ ਦੀ ਅਗਵਾਈ ਹੇਠ ਗਿੱਧਾ ਪੇਸ਼ਕਾਰੀ ਅਤੇ ਪਾਲੀ ਦੇਤਵਾਲੀਆ ਦੇ ਧੀਆਂ ਭੈਣਾਂ ਵਾਲੇ ਗੀਤਾਂ ਨਾਲ ਕੀਤਾ ਜਾਵੇਗਾ। ਬਦੇਸ਼ਾਂ ਤੋਂ ਪੰਜਾਬ ਪੁੱਜੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਉਨ੍ਹਾਂ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਇਸ ਮੇਲੇ ਵਿੱਚ ਸ਼ਾਮਿਲ ਹੋਣ ਤਾਂ ਜੋ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਸਕੇ। ਇਸ ਮੌਕੇ 101ਨਵਜੰਮੀਆਂ ਬਾਲੜੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਡਾ ਸ ਪ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ,ਉੱਘੇ ਲੇਖਕ ਡਾ ਨਿਰਮਲ ਸਿੰਘ ਜੌੜਾ , ਡਾ ਗੁਰਇਕਬਾਲ ਸਿੰਘ,ਡਾਃ ਗੁਲਜ਼ਾਰ ਸਿੰਘ ਪੰਧੇਰ,ਸੀ ਮਾਰਕੰਡਾ, ਪਾਲੀ ਦੇਤਵਾਲੀਆ, ਸਹਿਜਪ੍ਰੀਤ ਸਿੰਘ ਮਾਂਗਟ, ਜਸਬੀਰ ਸਿੰਘ ਢਿੱਲੋਂ, ਪ੍ਰਭਜੋਤ ਸੋਹੀ,ਮਨਜਿੰਦਰ ਧਨੋਆ,ਰਾਜਦੀਪ ਤੂਰ,ਦਵਿੰਦਰ ਕੌਰ ਗਿੱਲ,ਗੁਰਦਿਆਲ ਸ਼ੌਂਕੀ, ਤੇਜਿੰਦਰ ਮਾਰਕੰਡਾ,ਹਰਬੰਸ ਮਾਲਵਾ,ਹਰਸਿਮਰਤ ਕੌਰ,ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਕੌਰ ਫਲਕ, ਪਰਮਜੀਤ ਕੌਰ ਮਹਿਕ, ਮੇਘ ਸਿੰਘ ਰਕਬਾ ਕੋਲਕਾਤਾ, ਜਗਜੀਵਨ ਸਿੰਘ ਗਰੀਬ ,ਸਃ ਜਸਬੀਰ ਸਿੰਘ ਰਾਣਾ ਝਾਂਡੇ, ਜਸਵੰਤ ਸਿੰਘ ਛਾਪਾ,ਬਾਦਲ ਸਿੰਘ ਸਿੱਧੂ, ਗੁਰਮੀਤ ਕੌਰ, ਗੌਰਵ ਮਹਿੰਦਰੂ, ਦੇਵਿੰਦਰ ਬਸੰਤ, ਰਿੰਪੀ ਜੌਹਰ, ਤਰਨਜੀਤ ਕੌਰ, ਸ਼ਿਵਾਲੀ, ਅਰਜੁਨ ਬਾਵਾ ਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ।