– ਮੋਗਾ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੀ ਸਫਲਤਾ ਨੇ ਇਲਾਕਾ ਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ
ਮੋਗਾ, 10 ਜਨਵਰੀ ( ਰੋਹਿਤ ਗੋਇਲ, ਮੋਹਿਤ ਜੈਨ)-ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਪਿੰਡਾਂ ਵਿੱਚ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ, ਜਿੱਥੇ ਧਰਤੀ ਹੇਠਲਾ ਪਾਣੀ ਦੂਸ਼ਿਤ ਹੈ। ਮੁੱਖ ਮੰਤਰੀ ਲੋਕਾਂ ਨੂੰ ਸਾਰੀਆਂ ਸਹੂਲਤਾਂ ਉਹਨਾਂ ਦੀਆਂ ਬਰੂਹਾਂ ‘ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ।ਜਿੰਪਾ ਨੇ ਕਿਹਾ ਕਿ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਆਪਣੇ ਯਤਨਾਂ ਤਹਿਤ ਸੂਬਾ ਸਰਕਾਰ ਅਤੇ ਵਿਸ਼ਵ ਬੈਂਕ ਵੱਲੋਂ ਮੋਗਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਖੇਤਰ ਦੇ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਤਿਆਰ ਕੀਤੀ ਇੱਕ ਵਿਆਪਕ ਨਹਿਰੀ ਜਲ ਸਪਲਾਈ ਸਕੀਮ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਅਜਿਹੇ ਖੇਤਰਾਂ ਲਈ ਇੱਕ ਨਮੂਨੇ ਵਜੋਂ ਕੰਮ ਕਰ ਰਿਹਾ ਹੈ ਜੋ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ ਯਤਨ ਕਰ ਰਹੇ ਹਨ। ਇਸ ਪ੍ਰੋਜੈਕਟ ਨੇ ਖੇਤਰ ਦੇ ਵਸਨੀਕਾਂ ਦੇ ਜੀਵਨ ‘ਤੇ ਮਹੱਤਵਪੂਰਨ ਅਤੇ ਪਰਿਵਰਤਨਸ਼ੀਲ ਪ੍ਰਭਾਵ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਜ਼ਰੀਏ ਸਾਫ਼, ਸ਼ੁੱਧ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਪ੍ਰਦਾਨ ਕਰਕੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਸਾਰ ਨੂੰ ਘਟਾਇਆ ਹੈ ਅਤੇ ਲੋਕਾਂ ਦੀ ਸਮੁੱਚੀ ਸਿਹਤ ਵਿੱਚ ਸੁਧਾਰ ਕੀਤਾ ਗਿਆ ਹੈ।ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਅਤੇ ਵਿਭਾਗ ਦੇ ਮੁਖੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਅਤੇ ਸਖ਼ਤ ਮਿਹਨਤ ਦਾ ਪ੍ਰਮਾਣ ਹੈ। ਇਸ ਨਾਲ ਇਹ ਉਜਾਗਰ ਹੁੰਦਾ ਹੈ ਕਿ ਸੁਚੱਜੀ ਯੋਜਨਾਬੰਦੀ, ਤਾਲਮੇਲ ਅਤੇ ਸਰੋਤਾਂ ਦੀ ਉਚਿਤ ਵਰਤੋਂ ਨਾਲ ਲੰਬੇ ਸਮੇਂ ਲਈ ਪੀਣ ਯੋਗ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਪੇਂਡੂ ਖੇਤਰ ਦੇ ਲੋਕਾਂ ਦੇ ਜੀਵਨ ਨੂੰ ਹੋਰ ਬਿਹਤਰ ਬਣਾਉਣਾ ਸੰਭਵ ਹੈ।ਸਾਰੀਆਂ ਚੁਣੌਤੀਆਂ ਦੇ ਬਾਵਜੂਦ ਇਹ ਪ੍ਰੋਜੈਕਟ ਇੱਕ ਵੱਡੀ ਸਫਲਤਾ ਸਾਬਿਤ ਹੋਇਆ ਹੈ। 50 ਐਮਐਲਡੀ ਦੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜੋ ਲਗਭਗ 4 ਲੱਖ ਦੀ ਆਬਾਦੀ ਵਾਲੇ 85 ਪਿੰਡਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰ ਰਿਹਾ ਹੈ। ਇਸ ਪਲਾਂਟ ਨੂੰ ਸਥਾਈ ਹੱਲ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਊਰਜਾ ਅਤੇ ਪਾਣੀ ਦੀ ਖਪਤ ਨੂੰ ਘੱਟ ਕਰਨ ਲਈ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਸੁਰੱਖਿਅਤ ਪਾਣੀ ਮੁਹੱਈਆ ਕਰਵਾ ਰਿਹਾ ਹੈ ਬਲਕਿ ਰੋਜ਼ਾਨਾ 5 ਕਰੋੜ ਲੀਟਰ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਕਰੇਗਾ।ਜ਼ਿਕਰਯੋਗ ਹੈ ਕਿ ਪੰਜਾਬ ਲੰਬੇ ਸਮੇਂ ਤੋਂ ਭਾਰੀ ਧਾਤਾਂ ਨਾਲ ਹੋਣ ਵਾਲੇ ਜਲ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡਾਇਰੀਆ, ਟਾਈਫਾਈਡ, ਹੈਜ਼ਾ, ਹੈਪੇਟਾਈਟਸ ਬੀ ਅਤੇ ਪੇਚਿਸ ਨਾਲ ਜੂਝ ਰਿਹਾ ਹੈ। ਇਨ੍ਹਾਂ ਮੁੱਦਿਆਂ ਕਾਰਨ ਕਈ ਇਲਾਕਿਆਂ ਦੀ ਆਰਥਿਕਤਾ ‘ਤੇ ਮਾੜਾ ਪ੍ਰਭਾਵ ਪਿਆ ਹੈ ਕਿਉਂ ਜੋ ਨਿਵਾਸੀ ਪੀਣ ਵਾਲੇ ਪ੍ਰਦੂਸ਼ਿਤ ਪਾਣੀ ਦੇ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਲਈ ਆਪਣਾ ਸਮੇਂ ਅਤੇ ਸਰੋਤਾਂ ਨੂੰ ਅਜਾਈਂ ਗੁਆਉਣ ਲਈ ਮਜ਼ਬੂਰ ਸਨ।ਕਬਿਲੇਗੌਰ ਹੈ ਕਿ ਮੋਗਾ ਪ੍ਰੋਜੈਕਟ ਪਿੰਡ ਦੌਧਰ ਵਿੱਚ 50 ਐਮਐਲਡੀ ਦੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਹੈ। ਇਹ ਪਲਾਂਟ ਨਹਿਰੀ ਪਾਣੀ ਦੀ ਸੁਧਾਈ ਕਰਨ ਅਤੇ ਖੇਤਰ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ ਨੂੰ ਲੰਬੇ ਸਮੇਂ ਤੱਕ ਸਥਾਈ ਹੱਲ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਇਹ ਪ੍ਰੋਜੈਕਟ ਮੈਸਰਜ਼ ਲਾਰਸਨ ਐਂਡ ਟੂਬਰੋ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਡਿਜ਼ਾਈਨ, ਬਿਲਡ, ਓਪਰੇਟ ਅਤੇ ਟ੍ਰਾਂਸਫਰ (ਡੀ.ਬੀ.ਓ.ਟੀ) ਆਧਾਰ ‘ਤੇ ਮੁਕੰਮਲ ਕੀਤਾ ਗਿਆ ਹੈ।