ਦਿੱਲੀ, 10 ਜਨਵਰੀ ( ਰਾਜਨ ਜੈਨ, ਲਿਕੇਸ਼ ਸ਼ਰਮਾਂ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿੱਚ ਦਾਖ਼ਲੇ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਿਆ। ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਸਿੱਖ ਵਿਰੋਧੀ ਭਾਵਨਾ ਖਤਮ ਨਹੀਂ ਹੋਈ ਹੈ। ਇੱਕ ਪਾਸੇ ਭਾਜਪਾ ਸਿੱਖ ਕੌਮ ਦਾ ਸਨਮਾਨ ਕਰ ਰਹੀ ਹੈ। ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਦਿਆਂ 26 ਦਸੰਬਰ (ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ) ਨੂੰ ‘ਵੀਰ ਬਾਲ ਦਿਵਸ’ ਵਜੋਂ ਸਮਰਪਿਤ ਕੀਤਾ ਗਿਆ ਹੈ, ਸ੍ਰੀ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜੰਗ-ਗ੍ਰਸਤ ਅਫਗਾਨਿਸਤਾਨ ਤੋਂ ਸਹੀ ਸਲਾਮਤ ਲਿਆਂਦਾ ਗਿਆ ਹੈ। ਦੂਜੇ ਪਾਸੇ, ਕਾਂਗਰਸ ਨੇ ਭਾਰਤ ਜੋੜੋ ਯਾਤਰਾ ਦੀ ਤਿਆਰੀ ਲਈ ਬੁਲਾਈ ਗਈ ਮੀਟਿੰਗ ਵਿਚ 1984 ਦੇ ਸਿੱਖ ਕਤਲੇਆਮ ਲਈ ਜਿੰਮੇਵਾਰ ਜਗਦੀਸ਼ ਟਾਈਟਲਰ ਵਰਗੇ ਲੋਕਾਂ ਨੂੰ ਸੱਦਾ ਦੇ ਕੇ ਅਤੇ ਉਸਨੂੰ ਦਿੱਲੀ ਨਗਰ ਨਿਗਮ ਚੋਣਾਂ ਲਈ ਚੋਣ ਕਮੇਟੀ ਦਾ ਮੈਂਬਰ ਬਣਾ ਕੇ ਤਾਜਪੋਸ਼ੀ ਕੀਤੀ ਗਈ। ਉਨ੍ਹਾ ਇਸ ਯਾਤਰਾ ਨੂੰ ਪੂਰੀ ਤਰ੍ਹਾਂ ‘ਦਿਸ਼ਾ ਹੀਣ’ ਅਤੇ ਰਾਹੁਲ ਗਾਂਧੀ ਵੱਲੋਂ ਸੱਤਾ ਦੇ ਲਾਲਚ ਵਿੱਚ ਆਪਣੀ ਬਿਆਨਬਾਜ਼ੀ ਅਤੇ ਨਾਟਕਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ‘ਨਿਰਾਸ਼ਾਜਨਕ ਕੋਸ਼ਿਸ਼’ ਕਰਾਰ ਦਿੰਦਿਆਂ, ਕਿਹਾ ਕਿ ਪੰਜਾਬ ਦੇ ਲੋਕ ਇਹ ਨਹੀਂ ਭੁੱਲੇ ਹਨ ਕਿ ਕਿਵੇਂ ਕਾਂਗਰਸ ਨੇ ਸਾਕਾ ਨੀਲਾ ਤਾਰਾ ਦੌਰਾਨ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ (ਸ਼੍ਰੀ ਹਰਿਮੰਦਰ ਸਾਹਿਬ) ਨੂੰ ਟੈਂਕਾਂ ਅਤੇ ਮੋਰਟਾਰਾਂ ਨਾਲ ਢਾਹ ਦਿੱਤਾ ਗਿਆ ਸੀ। ਸਾਲ 1984 ਵਿੱਚ ਜੋ ਵੀ ਵਾਪਰਿਆ ਉਹ ਸਿੱਖ ਵਿਰੋਧੀ ਦੰਗੇ ਨਹੀਂ ਸਨ, ਸਗੋਂ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ ਸੀ ਅਤੇ ਸਿੱਖ ਕੌਮ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਕਾਂਗਰਸ ਲਗਾਤਾਰ 1984 ਦੇ ਖੂਨ-ਖਰਾਬੇ ਦੇ ਦੋਸ਼ੀਆਂ (ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ) ਦੀ ਤਾਜਪੋਸ਼ੀ ਕਰ ਰਹੀ ਹੈ। ਸ਼ੇਰਗਿੱਲ ਨੇ ਪੰਜਾਬ ਦੇ ਲੋਕਾਂ ਨੂੰ ਯਾਤਰਾ ਦਾ ਮੁਕੰਮਲ ਬਾਈਕਾਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਚ ਰਾਹੁਲ ਗਾਂਧੀ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਕਿ ਕਿਉਂ ਹੁਣ ਤੱਕ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿਚੋਂ ਨਹੀਂ ਕੱਢਿਆ ਗਿਆ ਹੈ।ਕਾਂਗਰਸ ਪਾਰਟੀ ‘ਤੇ ਚੁਟਕੀ ਲੈਂਦਿਆਂ, ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੂੰ ਵਿਅਸਤ ਰੱਖਣ ਲਈ ਮਹਿੰਗਾ ਪੀਆਰ ਸਟੰਟ ਤੋਂ ਇਲਾਵਾ ਕੁਝ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਕੋਈ ਸਿਆਸੀ ਲਾਭ ਨਹੀਂ ਮਿਲੇਗਾ।
