Home ਸਭਿਆਚਾਰ ਸੁੱਕਣੇ ਪਏ ਦਾਣਿਆਂ ਤੇ ਠੁਮਕ ਠੁਮਕ ਤੁਰਦੀ ਘੁੱਗੀ ਵਰਗੀ ਕਵਿਤਾ ਨਾਲ ਤੁਰਦਿਆਂ

ਸੁੱਕਣੇ ਪਏ ਦਾਣਿਆਂ ਤੇ ਠੁਮਕ ਠੁਮਕ ਤੁਰਦੀ ਘੁੱਗੀ ਵਰਗੀ ਕਵਿਤਾ ਨਾਲ ਤੁਰਦਿਆਂ

57
0

ਪਰਸੋਂ ਮੈ ਪਟਿਆਲੇ ਗਿਆ ਸਾਂ। ਸਮਰੱਥ ਪੰਜਾਬੀ ਸ਼ਾਇਰ ਬਲਵਿੰਦਰ ਸੰਧੂ ਦੀ ਸੱਜਰੀ ਕਾਵਿ ਕਿਤਾਬ ਤੀਲਾ ਤੀਲਾ ਧਾਗਾ ਧਾਗਾ ਦਾ ਲੋਕ ਸਮਰਪਣ ਸਮਾਗਮ ਸੀ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਨਾਭਾ ਵੱਲੋਂ। ਸੁਰਜੀਤ ਪਾਤਰ, ਡਾ ਜਸਵਿੰਦਰ ਸਿੰਘ, ਡਾ ਦੀਪਕ ਮਨਮੋਹਨ, ਡਾ ਸੁਰਜੀਤ ਸਿੰਘ ਭੱਟੀ, ਜਸਬੀਰ ਰਾਣਾ, ਡਾ ਜੋਗਾ ਸਿੰਘ ਭਾਸ਼ਾ ਵਿਗਿਆਨੀ, ਡਾਃ ਮਦਨ ਲਾਲ ਹਸੀਜਾ, ਡਾ ਗੁਰਇਕਬਾਲ ਸਿੰਘ, ਦਰਸ਼ਨ ਬੁੱਟਰ , ਤ੍ਰੈਲੋਚਨ ਲੋਚੀ, ਜੈਨਿੰਦਰ ਚੌਹਾਨ, ਮਨਜਿੰਦਰ ਧਨੋਆ, ਧਰਮ ਕੰਮੇਆਣਾ ਤੇ ਹੋਰ ਲੇਖਕਾਂ ਦੀ ਹਾਜ਼ਰੀ  ਵਿੱਚ ਆਜ਼ਾਦ ਨਜ਼ਮ ਤੇ ਰੂਪ ਬੱਧ ਕਵਿਤਾ ਦੀ ਗੱਲ ਚੱਲੀ। ਕੁਝ ਨੇ ਆਜ਼ਾਦ ਨਜ਼ਮ ਨੁੰ ਲਲਿਤ ਨਿਬੰਧ ਵਰਗੀ  ਕਿਹਾ ਕੁਝ ਨੇ ਰੂਪ ਬੱਧ ਕਵਿਤਾ ਦੀ ਲੋੜ ਦੱਸੀ। ਬਲਵਿੰਦਰ ਦੀ ਕਵਿਤਾ ਤੋਂ ਬਾਹਰੇ ਪ੍ਰਸੰਗ ਵੀ ਛਿੜੇ ਮੁਹੱਬਤੀ ਅੰਦਾਜ਼ ਵਿੱਚ।ਮੈਂ ਸਿਰਫ਼ ਇਹੀ ਕਿਹਾ ਕਿ ਕੋਠੇ ਤੇ ਸੁੱਕਣੇ ਪਾਏ ਦਾਣਿਆਂ ਤੇ ਠੁਮਕ ਠੁਮਕ ਠੁਮਕ ਠੁਮਕ ਤੁਰਦੀ ਘੁੱਗੀ ਦੇ ਪੋਲੇ ਪੈਰੀਂ ਤੁਰਨ ਜਹੀ ਹੈ ਬਲਵਿੰਦਰ ਦੀ ਕਵਿਤਾ। ਇਸ ਅੰਦਰਲਾ ਅੰਤਰ ਅਨੁਸ਼ਾਸਨ ਰੂਪ ਦਾ ਗੁਲਾਮ ਨਹੀਂ। ਵਿੱਸਰੀ ਸ਼ਬਦ ਪੂੰਜੀ ਤੇ ਵਰਤਾਰੇ ਸੰਭਾਲਦੀ ਇਹ ਕਰਤਾਰੀ ਕਵਿਤਾ ਜਾਨਣ ਤੇ ਮਾਨਣ ਯੋਗ ਹੈ।
ਕਵਿਤਾ ਦਾ ਮੁੜੰਘਾ ਲੇਖਕ ਤੇ ਜਾਣਾ ਚਾਹੀਦਾ ਹੈ, ਸਮਕਾਲੀਆਂ ਤੇ ਨਹੀਂ।
ਬਲਵਿੰਦਰ ਦੀ ਕਵਿਤਾ ਦਾ ਮੁਹਾਂਦਰਾ ਬਲਵਿੰਦਰ ਵਰਗਾ ਹੈ, ਪਹਿਲੀ ਕਿਤਾਬ ਕੋਮਲ ਸਿੰਘ ਆਖਦਾ ਹੈ ਤੋਂ ਲੈ ਕੇ।
ਪਰਤਦਿਆਂ ਮੇਰੇ ਸੰਗੀ ਰਾਹ ਵਿੱਚ ਕਹਿਣ ਲੱਗੇ, ਭਾ ਜੀ, ਇਹ ਦੱਸੋ ਕਿ ਤੁਸੀਂ ਕਵਿਤਾ ਨੂੰ ਕੀ ਸਮਝਦੇ ਹੋ?ਮੈ ਕਿਹਾ ਕਿ ਮੇਰੀ ਕਵਿਤਾ ਹੀ ਉੱਤਰ ਮੋੜ ਸਕਦੀ ਹੈ, ਮੈਂ ਕੁਝ ਨਹੀਂ ਮੂੰਹੋਂ ਬੋਲਣਾ। ਮੂੰਹ ਨੂੰ ਉਦੋਂ ਬੋਲਣਾ ਚਾਹੀਦਾ ਹੈ ਜਦ ਕਵਿਤਾ ਬੋਲਣ ਜੋਗੀ ਨਾ ਹੋਵੇ।ਮੈਂ 2005 ਚ ਛਪੀ ਆਪਣੀ ਕਾਵਿ ਕਿਤਾਬ ਧਰਤੀ ਨਾਦ ਚੋਂ ਇਹ ਕਵਿਤਾ ਉਸੇ ਪੁੱਛਣਾ ਦਾ ਜਵਾਬ ਹੈ। ਤੁਸੀਂ ਵੀ ਪੜ੍ਹੋ।
▪️

ਕਵਿਤਾ ਵਹਿਣ ਨਿਰੰਤਰ-  ਗੁਰਭਜਨ ਗਿੱਲ
ਕਵਿਤਾ ਮੇਰੇ ਅੰਤਰ ਮਨ ਦੀ ਮੂਕ ਵੇਦਨਾ
ਨੇਰ੍ਹੇ ਤੋਂ ਚਾਨਣ ਵੱਲ ਜਾਂਦੀ ਇਕ ਪਗਡੰਡੀ।
ਹਰੇ ਕਚੂਰ ਦਰਖ਼ਤਾਂ ਵਿਚ ਦੀ ਦਿਸਦਾ ਚਾਨਣ।
ਧਰਤ, ਸਮੁੰਦਰ, ਦਰਿਆ, ਅੰਬਰ, ਚੰਨ ਤੇ ਤਾਰੇ,
ਇਸ ਦੀ ਬੁੱਕਲ ਬਹਿੰਦੇ ਸਾਰੇ।
ਇਕਲਾਪੇ ਵਿਚ ਆਤਮ-ਬਚਨੀ।
ਗੀਤ ਕਿਸੇ ਕੋਇਲ ਦਾ ਸੱਚਾ।
ਅੰਬਾਂ ਦੀ ਝੰਗੀ ਵਿਚ ਬਹਿ ਕੇ,
ਜੋ ਉਹ ਖ਼ੁਦ ਨੂੰ ਆਪ ਸੁਣਾਵੇ।
ਜਿਉਂ ਅੰਬਰਾਂ ‘ਚੋਂ,
ਸੜਦੀ ਤਪਦੀ ਧਰਤੀ ਉੱਪਰ ਮੀਂਹ ਵਰ੍ਹ ਜਾਵੇ।
ਪਹਿਲੀਆਂ ਕਣੀਆਂ ਪੈਣ ਸਾਰ ਜੋ,
ਮਿੱਟੀ ‘ਚੋਂ ਇਕ ਸੋਂਧੀ ਸੋਂਧੀ ਖੁਸ਼ਬੂ ਆਵੇ।
ਓਹੀ ਤਾਂ ਕਵਿਤਾ ਅਖਵਾਏ।
ਕਵਿਤਾ ਤਾਂ ਜ਼ਿੰਦਗੀ ਦਾ ਗਹਿਣਾ,
ਇਸ ਬਿਨ ਰੂਹ ਵਿਧਵਾ ਹੋ ਜਾਵੇ।
ਰੋਗਣ ਸੋਗਣ ਮਨ ਦੀ ਬਸਤੀ,
ਤਰਲ ਜਿਹਾ ਮਨ,
ਇਕ ਦਮ ਜਿਉਂ ਪੱਥਰ ਬਣ ਜਾਵੇ।
ਸ਼ਬਦ ‘ਅਹੱਲਿਆ’ ਬਣ ਜਾਵੇ ਤਾਂ
ਕਵਿਤਾ ਵਿਚਲਾ ‘ਰਾਮ’ ਜਗਾਵੇ।
ਕਵਿਤਾ ਤਾਂ ਸਾਹਾਂ ਦੀ ਸਰਗਮ,
ਜੀਵੇ ਤਾਂ ਧੜਕਣ ਬਣ ਜਾਵੇ।
ਨਿਰਜਿੰਦ ਹਸਤੀ ਚੁੱਕ ਨਾ ਹੋਵੇ,
ਜਦ ਤੁਰ ਜਾਵੇ।
ਜ਼ਿੰਦਗੀ ਦੀ ਰਣ ਭੂਮੀ ਅੰਦਰ,
ਕਦੇ ਇਹੀ ਅਰਜੁਨ ਬਣ ਜਾਵੇ।
ਮੱਛੀ ਦੀ ਅੱਖ ਵਿੰਨ੍ਹਣ ਖ਼ਾਤਰ,
ਇਕ ਸੁਰ ਹੋਵੇ,
ਸਿਰਫ਼ ਨਿਸ਼ਾਨਾ ਫੁੰਡਣਾ ਚਾਹੇ।
ਪਰ ਸ਼ਬਦਾਂ ਦੀ ਅਦਭੁਤ ਲੀਲ੍ਹਾ,
ਚਿੱਲੇ ਉੱਪਰ ਤੀਰ ਚਾੜ੍ਹ ਕੇ,
ਸੋਚੀ ਜਾਵੇ।
ਆਪਣੀ ਜਿੱਤ ਦੀ ਖ਼ਾਤਰ,
ਮੱਛੀ ਨੂੰ ਵਿੰਨ੍ਹ ਦੇਵਾਂ?
ਇਹ ਨਾ ਭਾਵੇ।
ਕਵਿਤਾ ਤਾਂ ਸਾਜ਼ਾਂ ਦਾ ਮੇਲਾ,
ਸ਼ਬਦਾਂ ਦੀ ਟੁਣਕਾਰ ਜਗਾਵੇ।
ਤਬਲੇ ਦੇ ਦੋ ਪੁੜਿਆਂ ਵਾਂਗੂੰ
ਭਾਵੇਂ ਅੱਡਰੀ-ਅੱਡਰੀ ਹਸਤੀ,
ਮਿੱਲਤ ਹੋਵੇ ਇਕ ਸਾਹ ਆਵੇ।
ਕਾਇਨਾਤ ਨੂੰ ਝੂੰਮਣ ਲਾਵੇ।
ਬਿਰਖ਼ ਬਰੂਟਿਆਂ ਸੁੱਕਿਆਂ ‘ਤੇ ਹਰਿਆਵਲ ਆਵੇ।
ਤੂੰਬੀ ਦੀ ਟੁਣਕਾਰ ਹੈ ਕਵਿਤਾ।
ਖੀਵਾ ਹੋ ਕੇ ਜਦ ਕੋਈ ਯਮਲਾ ਪੋਟੇ ਲਾਵੇ।
ਕਣ ਕਣ ਫੇਰ ਵਜਦ ਵਿਚ ਆਵੇ।
ਸਾਹ ਨੂੰ ਰੋਕਾਂ, ਧੜਕਣ ਦੀ ਰਫ਼ਤਾਰ ਨਾ ਕਿਧਰੇ,
ਮੇਰੇ ਤੋਂ ਪਲ ਖੋਹ ਲੈ ਜਾਵੇ।
ਇਹ ਕਰਤਾਰੀ ਪਲ ਹੀ ਤਾਂ ਕਵਿਤਾ ਅਖਵਾਵੇ।
ਕਵਿਤਾ ਤਾਂ ਕੇਸੂ ਦਾ ਫੁੱਲ ਹੈ,
ਖਿੜਦਾ ਹੈ ਜਦ ਜੰਗਲ ਬੇਲੇ।
ਅੰਬਰ ਦੇ ਵਿਚ,
ਰੰਗਾਂ ਦੇ ਫਿਰ ਲੱਗਦੇ ਮੇਲੇ।
ਤਪਦੇ ਜੂਨ ਮਹੀਨੇ ਵਿਚ ਵੀ,
ਬਿਰਖ਼ ਨਿਪੱਤਰੇ ਦੀ ਟਾਹਣੀ ‘ਤੇ,
‘ਕੱਲ੍ਹਾ ਖਿੜਦਾ, ‘ਕੱਲਾ ਬਲ਼ਦਾ।
ਇਹ ਨਾ ਟਲ਼ਦਾ।
ਕਹਿਰਵਾਨ ਸੂਰਜ ਵੀ ਘੂਰੇ,
ਵਗਣ ਵਰ੍ਹੋਲੇ, ਅੰਨ੍ਹੇ ਬੋਲੇ,
ਆਪਣੀ ਧੁਨ ਦਾ ਪੱਕਾ,
ਇਹ ਨਾ ਪੈਰੋਂ ਡੋਲੇ।
ਜ਼ਿੰਦਗੀ ਦੇ ਉਪਰਾਮ ਪਲਾਂ ਵਿਚ,
ਕਵਿਤਾ ਮੇਰੀ ਧਿਰ ਬਣ ਜਾਵੇ।
ਮਸਲੇ ਦਾ ਹੱਲ ਨਹੀਂ ਦੱਸਦੀ,
ਤਾਂ ਫਿਰ ਕੀ ਹੋਇਆ?
ਦਏ ਹੁੰਗਾਰਾ ਫਿਰ ਅੰਬਰੋਂ ‘ਨੇਰ੍ਹਾ ਛਟ ਜਾਵੇ।
ਰਹਿਮਤ ਬਣ ਜਾਂਦੀ ਹੈ ਕਵਿਤਾ,
ਜਦ ਬੰਦਾ ਕਿਧਰੇ ਘਿਰ ਜਾਵੇ।
ਜਦ ਫਿਰ ਜਾਪੇ ਸਾਹ ਰੁਕਦਾ ਹੈ,
ਅਗਲਾ ਸਾਹ ਹੁਣ ਖ਼ਬਰੇ,
ਆਵੇ ਜਾਂ ਨਾ ਆਵੇ।
ਪੋਲੇ ਪੈਰੀਂ ਤੁਰਦੀ-ਤੁਰਦੀ ਨੇੜੇ ਆਵੇ।
ਜੀਕਣ ਮੇਰੀ ਜੀਵਨ ਸਾਥਣ,
ਅਣਲਿਖਿਆ ਕੋਈ ਗੀਤ ਸੁਣਾਵੇ।
ਮਨ ਦਾ ਚੰਬਾ ਖਿੜ-ਖਿੜ ਜਾਵੇ।
ਮਖ਼ਮੂਰੀ ਵਿਚ ਮੈਨੂੰ,
ਕੁਝ ਵੀ ਸਮਝ ਨਾ ਆਵੇ।
ਕਵਿਤਾ ਵਹਿਣ ਨਿਰੰਤਰ ਜੀਕੂੰ,
ਚਸ਼ਮਿਉਂ ਫੁੱਟੇ, ਧਰਤੀ ਸਿੰਜੇ,
ਤੇ ਆਖ਼ਰ ਨੂੰ ਅੰਬਰ ਥਾਣੀਂ,
ਤਲਖ਼ ਸਮੁੰਦਰ ਵਿਚ ਰਲ ਜਾਵੇ।
ਆਪਣੀ ਹਸਤੀ ਆਪ ਮਿਟਾਵੇ।

LEAVE A REPLY

Please enter your comment!
Please enter your name here