ਜਗਰਾਉਂ, 2 ਫਰਵਰੀ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅਧੀਨ ਥਾਣਾ ਸਦਰ ਅਤੇ ਥਾਣਾ ਸਿਧਵਾਂਬੇਟ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 260 ਪੋਸਤ ਦੇ ਪੌਦੇ ਅਤੇ 80 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲੀਸ ਚੌਕੀ ਗਾਲਿਬ ਕਲਾ ਦੇ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪਿੰਡ ਗਾਲਿਬ ਕਲਾ ਵਿੱਚ ਸਰਚ ਅਭਿਆਨ ਦੌਰਾਨ ਘਰਾਂ ਦੀ ਤਲਾਸ਼ੀ ਲੈ ਰਹੇ ਸਨ। ਜਦੋਂ ਉਹ ਪਿੰਡ ਗਾਲਿਬ ਕਲਾਂ ਵੱਡਾ ਵੇਹੜਾ ਵਾਸੀ ਦਵਿੰਦਰ ਸਿੰਘ ਨਰੂਲਾ ਦੇ ਘਰ ਪੁੱਜੇ ਤਾਂ ਉਸ ਦੇ ਘਰ ਵਿੱਚ ਪੋਸਤ ਦੇ ਬੂਟੇ ਬੀਜੇ ਹੋਏ ਸਨ। ਘਰ ਵਿੱਚ ਮੌਜੂਦ ਇੱਕ ਵਿਅਕਤੀ ਦਾ ਨਾਂ ਪੁੱਛਣ ’ਤੇ ਉਸ ਨੇ ਆਪਣਾ ਨਾਂ ਦਵਿੰਦਰ ਸਿੰਘ ਨਰੂਲਾ ਦੱਸਿਆ। ਪੁਲੀਸ ਪਾਰਟੀ ਨੇ ਜਦੋਂ ਉਸ ਦੇ ਘਰ ਵਿੱਚ ਬੀਜੇ ਹੋਏ ਪੋਸਤ ਦੇ ਬੂਟਿਆਂ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਥਸ਼ ਜਵਾਬ ਨਹੀਂ ਸਕਿਆ। ਮੌਕੇ ਤੇ ਲਗਾਏ ਹੋਏ ਪੌਦਿਆਂ ਨੂੰ ਪੁੱਟ ਕੇ ਗਿਣਿਆ ਤਾਂ ਉਨ੍ਹਾਂ ਦੀ ਗਿਮਤੀ 260 ਪੌਦੇ ਹੋਈ। ਇਸ ਸਬੰਧੀ ਥਾਣਾ ਸਦਰ ਵਿੱਚ ਦਵਿੰਦਰ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਪਿੰਡ ਗਿੱਦੜਵਿੰਡੀ ਤੋਂ ਲੋਧੀਵਾਲ, ਕਾਕੜ ਤਿਹਾੜਾ, ਸ਼ੇਰੇਵਾਲ ਤੋਂ ਕੱਚੀ ਪਟੜੀ ਬੰਨ੍ਹ ਦਰਿਆ ਵੱਲ ਜਾ ਰਹੇ ਸਨ। ਜਦੋਂ ਉਹ ਬੰਨ੍ਹ ਦਰਿਆ ਤੋਂ ਥੋੜ੍ਹਾ ਪਿੱਛੇ ਹੀ ਸਨ ਤਾਂ ਮੋਟਰਸਾਈਕਲ ’ਤੇ ਇਕ ਵਿਅਕਤੀ ਪਲਾਸਟਿਕ ਦਾ ਗੱਟੂ ਲੈ ਕੇ ਜਾ ਰਿਹਾ ਸੀ। ਜਿਸ ਨੇ ਪੁਲਸ ਪਾਰਟੀ ਨੂੰ ਦੇਖਿਆ ਤਾਂ ਉਹ ਖਬਰਾ ਗਿਆ ਅਤੇ ਪਿੱਛੇ ਮੁੜਨ ਲੱਗਾ। ਉਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ। ਉਸ ਨੇ ਆਪਣਾ ਨਾਂ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਸ਼ੇਰੇਵਾਲ ਦੱਸਿਆ ਅਤੇ ਜਦੋਂ ਉਸ ਦੇ ਮੋਟਰਸਾਈਕਲ ’ਤੇ ਰੱਖੇ ਪਲਾਸਟਿਕ ਦੇ ਗੱਟੂ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਇਕ-ਇਕ ਬੋਤਲ ਪਲਾਸਟਿਕ ਦੀ ਥੈਲੀ ( 80 ਲਿਫਾਫੇ ) ਬਰਾਮਦ ਹੋਏ। ਜਿਸ ਵਿੱਚ ਨਜਾਇਜ਼ ਸ਼ਰਾਬ ਰੱਖੀ ਹੋਈ ਸੀ। ਸ਼ਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਦਾ ਕੇਸ ਦਰਜ ਕੀਤਾ ਗਿਆ।