Home ਪਰਸਾਸ਼ਨ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਹੁਣ ਤੱਕ 9982 ਲਾਭਪਾਤਰੀਆਂ ਨੂੰ 03...

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਹੁਣ ਤੱਕ 9982 ਲਾਭਪਾਤਰੀਆਂ ਨੂੰ 03 ਕਰੋੜ 55ਲੱਖ 85 ਹਜ਼ਾਰ ਰੁਪਏ ਦਾ ਲਾਭ ਮੁਹੱਈਆ

77
0

ਮਾਲੇਰਕੋਟਲਾ 11 ਜਨਵਰੀ  ( ਵਿਕਾਸ ਮਠਾੜੂ)-ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਸਸ਼ਕਤੀਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ।  ਪ੍ਰਧਾਨ ਮੰਤਰੀ ਮਾਤਰੂ ਵੰਦਨਾ ਤਹਿਤ ਇਸ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਪੌਸ਼ਟਿਕ ਖ਼ੁਰਾਕ ਮੁਹੱਈਆ ਹੋ ਸਕੇ । ਇਸ ਸਕੀਮ ਦੇ ਸ਼ੁਰੂ ਕਰਨ ਦਾ ਮਕਸਦ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਵਿਚ ਡਲਿਵਰੀਆਂ ਦੀ ਦਰ ਨੂੰ ਵਧਾਉਣਾ ਅਤੇ ਘਰਾਂ ਵਿੱਚ ਹੋਣ ਵਾਲੀਆਂ ਡਲਿਵਰੀਆਂ ਵਿਚ ਕਮੀ ਲਿਆਉਣਾ ਹੈ ਤਾਂ ਜੋ ਜੱਚਾ-ਬੱਚਾ ਮੌਤ ਦਰ ਵਿੱਚ ਵੀ ਕਮੀ ਆ ਸਕੇ ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ   ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 9982 ਮਹਿਲਾ ਲਾਭਪਾਤਰੀਆਂ ਨੂੰ 03 ਕਰੋੜ 55ਲੱਖ 85 ਹਜ਼ਾਰ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੇ ਗਰਭਧਾਰਨ ਦੌਰਾਨ ਅੰਸ਼ਿਕ ਲਾਭ ਦੇਣ ਦੇ ਉਦੇਸ਼ ਨਾਲ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੇਣ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਸਰਕਾਰ ਦੇ ਕਿਸੇ ਵੀ ਵਿਭਾਗ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੋਂ ਵੱਖਰੇ ਤੌਰ ਤੇ ਦੇਣ ਦਾ ਉਪਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੀ ਵਾਰ ਗਰਭਵਤੀ ਹੋਣ ਤੇ ਉਹ ਸਾਰੀਆਂ ਮਹਿਲਾਵਾਂ ਲਾਭ ਲੈ ਸਕਦੀਆਂ ਹਨ, ਜੋ ਕਿ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾਨ ਵਿਚ ਕੰਮ ਨਹੀਂ ਕਰਦੀਆਂ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੀ ਵਾਰ ਮਾਂ ਬਣਨ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ  ਤਿੰਨ ਕਿਸ਼ਤਾਂ ਵਿਚ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦੀ ਰਾਸ਼ੀ ਗਰਭਵਤੀ ਮਹਿਲਾ ਵੱਲੋਂ ਆਂਗਣਵਾੜੀ ਵਰਕਰ ਕੋਲ ਰਜਿਸਟਰੇਸ਼ਨ ਅਤੇ ਜੱਚਾ ਬੱਚਾ ਕਾਰਡ ਬਣਾਉਣ ਸਮੇਂ ਦਿੱਤੀ ਜਾਂਦੀ ਹੈ, ਜਦਕਿ ਦੂਜੀ ਕਿਸ਼ਤ ਦੋ  ਹਜ਼ਾਰ ਰੁਪਏ ਦੀ ਰਾਸ਼ੀ ਛੇ ਮਹੀਨੇ ਦੀ ਗਰਭ ਅਵਸਥਾ ਦੌਰਾਨ ਡਾਕਟਰੀ ਜਾਂਚ ਤੋਂ ਬਾਅਦ ਅਤੇ ਤੀਜੀ ਕਿਸ਼ਤ  ਦੋ ਹਜ਼ਾਰ ਰੁਪਏ ਦੀ ਰਾਸ਼ੀ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਗੇੜ ਦੇ ਟੀਕਾਕਰਨ ਉਪਰੰਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਿਲੀ ਵਾਰ ਗਰਭਵਤੀ ਹੋਈਆਂ ਮਹਿਲਾਵਾਂ ਨੇ ਇਸ ਯੋਜਨਾ ਦਾ ਲਾਭ ਲੈਣਾ ਹੈ, ਤਾਂ ਉਨ੍ਹਾਂ ਨੂੰ ਆਪਣੇ ਨਜ਼ਦੀਕੀ ਆਂਗਣਵਾੜੀ ਸੈਂਟਰ ਵਿਚ ਆਪਣੀ ਆਖ਼ਰੀ ਮਾਹਵਾਰੀ ਦੀ ਮਿਤੀ ਤੋਂ 150 ਦਿਨਾਂ ਦੇ ਅੰਦਰ-ਅੰਦਰ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਜਿਵੇਂ ਹੀ ਕੇਸ ਪ੍ਰਾਪਤ ਹੁੰਦਾ ਹੈ, ਉਸ ਦੀ ਜਾਂਚ ਕਰਕੇ ਉਸ ਨੂੰ ਆਨਲਾਈਨ ਕਰ ਦਿੱਤਾ ਜਾਂਦਾ ਹੈ ਅਤੇ ਬਣਦੀ ਰਾਸ਼ੀ ਮਹਿਲਾ ਦੇ ਬੈਂਕ ਖਾਤੇ ਵਿਚ ਸਿੱਧੇ ਤੌਰ ’ਤੇ ਟਰਾਂਸਫ਼ਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਯੋਜਨਾ ਦਾ ਲਾਭ ਲੈਣ ਲਈ ਨਜ਼ਦੀਕੀ ਆਂਗਣਵਾੜੀ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਮਹਿਲਾ ਕੋਲ ਜ਼ਰੂਰੀ ਦਸਤਾਵੇਜ਼, ਆਧਾਰ ਕਾਰਡ, ਮਹਿਲਾ ਦੇ ਨਾਂ ਦਾ ਬੈਂਕ ਖਾਤਾ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਐਮ.ਸੀ.ਪੀ.ਸੀ. ਕਾਰਡ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਸਬੰਧੀ ਹੋਰ ਜਾਣਕਾਰੀ ਲਈ  ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ,ਆਪਣੇ ਸ਼ਹਿਰ ਜਾਂ ਪਿੰਡ ਦੇ ਨਜ਼ਦੀਕੀ ਆਂਗਣਵਾੜੀ ਵਰਕਰ ਨਾਲ ਸੰਪਰਕ ਕਰ ਸਕਦੇ ਹਨ । ਇਸ ਤੋਂ ਇਲਾਵਾ ਇਸ ਯੋਜਨਾ ਦੇ ਲਾਭਪਾਤਰੀ ਹੁਣ ਘਰ ਬੈਠੇ ਹੀ ਸਰਕਾਰ ਦੀ ਵੈੱਬਸਾਈਟ (www.pmmvy-cas.nic.in) ‘ਤੇ ਆਪਣੇ ਆਪ ਨੂੰ ਆਨਲਾਈਨ ਰਜਿਸਟਰ  ਵੀ ਕਰਵਾ ਸਕਦੇ ਹਨ ।

LEAVE A REPLY

Please enter your comment!
Please enter your name here