ਪਟਨਾ: 19 ਜੂਨ ( ਬਿਊਰੋ)-ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵੱਡੀ ਖਬਰ ਆਈ ਹੈ, ਇੱਥੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇੰਜਣ ਫੇਲ ਹੋਣ ਕਾਰਨ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਹੈ। ਸਪਾਈਸ ਜੈੱਟ ਦਾ ਜਹਾਜ਼ ਸੀ ਜੋ ਦਿੱਲੀ ਵੱਲ ਜਾ ਰਿਹਾ ਸੀ। ਉਡਾਣ ਭਰਦੇ ਸਮੇਂ ਦੇਖਿਆ ਗਿਆ ਕਿ ਇਸ ਦੇ ਇਕ ਖੰਭ ‘ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ।ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਲਾਈਟ ‘ਚ 185 ਯਾਤਰੀ ਸਵਾਰ ਸਨ, ਸਾਰੇ ਸੁਰੱਖਿਅਤ ਹਨ। ਪਾਇਲਟ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲ ਗਿਆ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਜਾ ਰਹੀ ਸਪਾਈਸਜੈੱਟ ਦੀ ਉਡਾਣ ਨੂੰ ਇੰਜਣ ਫੇਲ ਹੋਣ ਤੋਂ ਬਾਅਦ ਪਟਨਾ ਹਵਾਈ ਅੱਡੇ ‘ਤੇ ਉਤਾਰਿਆ ਗਿਆ।ਪਟਨਾ ਦੇ ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਇੱਕ ਫਲਾਈਟ ਦਿੱਲੀ ਜਾ ਰਹੀ ਸੀ। ਉਡਾਣ ਭਰਨ ‘ਤੇ ਏਅਰਪੋਰਟ ਅਥਾਰਟੀ ਨੇ ਦੇਖਿਆ ਕਿ ਉਸ ਦੇ ਇਕ ਖੰਭ ‘ਚ ਅੱਗ ਲੱਗੀ ਹੋਈ ਸੀ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸਫਲ ਰਹੀ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੋਰ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਫੁਲਵਾੜੀ ਸ਼ਰੀਫ ‘ਚ ਲੋਕਾਂ ਨੇ ਜਹਾਜ਼ ‘ਚੋਂ ਧੂੰਆਂ ਨਿਕਲਦਾ ਦੇਖਿਆ। ਇਸ ਦੀ ਸੂਚਨਾ ਤੁਰੰਤ ਏਅਰਪੋਰਟ ਅਥਾਰਟੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪਟਨਾ ਤੋਂ ਦਿੱਲੀ ਜਾ ਰਹੇ ਸਪਾਈਸ ਜੈੱਟ ਜਹਾਜ਼ ਦੀ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪਟਨਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਐੱਸਜੀ 725 ਦੇ ਇੰਜਣ ‘ਚ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਪਟਨਾ ਏਅਰਪੋਰਟ ‘ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ।
