ਚੋਰਾਂ ਨੇ ਰਾਤ ਨੂੰ ਦੁਕਾਨ ’ਤੇ ਬੈਠ ਕੇ ਪੀਤੀ ਸਿਗਰੇਟ ਅਤੇ ਖਾਧੇ ਚਾਕਲੇਟ
ਜਗਰਾਉਂ, 6 ਅਪ੍ਰੈਲ ( ਬੌਬੀ ਸਹਿਜਲ )-ਇਲਾਕੇ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਦੇਰ ਰਾਤ ਡਿਸਪੋਜ਼ਲ ਰੋਡ ’ਤੇ ਸਥਿਤ ਸ਼੍ਰੀ ਸ਼ਿਆਮ ਕਰਿਆਨਾ ਸਟੋਰ ’ਚ ਚੋਰਾਂ ਨੇ ਦੁਕਾਨ ਦੇ ਚੁਬਾਰੇ ਤੇ ਲੱਗੇ ਗੇਟ ਨੂੰ ਤੋੜ ਪੌੜੀਆਂ ਰਾਹੀਂ ਉਤਰ ਕੇ ਚੋਰੀ ਦੀ ਵਾਰਦਾਤ ਨੂੰ ਬੜੀ ਹੀ ਆਸਾਨੀ ਨਾਲ ਅੰਜਾਮ ਦਿੱਤਾ। ਸਾਮਾਨ ਇਕੱਠਾ ਕਰਦੇ ਸਮੇਂ ਦੁਕਾਨ ’ਤੇ ਬੈਠ ਕੇ ਚੋਰਾਂ ਨੇ ਆਰਾਮ ਨਾਲ ਸਿਗਰਟਾਂ ਪੀਤੀਆਂ ਅਤੇ ਚਾਕਲੇਟ ਖਾਧੇ। ਚੋਰਾਂ ਨੇ ਦੁਕਾਨ ’ਚੋਂ 2 ਬੋਰੀਆਂ ਖੰਡ, 30 ਲੀਟਰ ਸਰ੍ਹੋਂ ਦਾ ਤੇਲ, 15 ਲੀਟਰ ਰਿਫਾਇੰਡ, 3 ਕਿਲੋ ਕਾਜੂ, 3 ਕਿਲੋ ਬਦਾਮ, 10 ਕਿਲੋ ਚਾਹ ਪੱਤੀ, 2 ਹਜ਼ਾਰ ਰੁਪਏ ਦੀਆਂ ਸਿਗਰਟ, ਬੀੜੀਆਂ ਅਤੇ 1500 ਰੁਪਏ ਦੀ ਨਕਦੀ ਚੋਰੀ ਕਰ ਲਈ। ਦੁਕਾਨ ਮਾਲਕ ਅਰੁਣ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਥਾਣਾ ਸਿਟੀ ਜਗਰਾਉਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।