ਜਗਰਾਉਂ, 12 ਜਨਵਰੀ ( ਭਗਵਾਨ ਭੰਗੂ) -ਸ੍ਰੀਮਤੀ ਸਤੀਸ਼ ਗੁਪਤਾ ਸਰਵਿਹੱਤਕਾਰੀ ਵਿਦਿਆ ਮੰਦਿਰ ਸੀ. ਸੈ. ਸਕੂਲ ਜਗਰਾਉ ਵਿਖੇ ਮਨਾਇਆ ਗਿਆ ਰਾਸ਼ਟਰੀ ਯੁਵਾ ਦਿਵਸ । ਇਸ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਸਮਾਇਲੀ ਨੇ ਦੱਸਿਆ ਕਿ ਸਾਲ 1985 ਤੋਂ ਬਾਅਦ ਹਰ ਸਾਲ ਸਵਾਮੀ ਵਿਵੇਕਾਨੰਦ ਦੀ ਜਯੰਤੀ ਦੇ ਮੌਕੇ ਤੇ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ।ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿਚੋਂ ਨੌਜਵਾਨਾਂ ਦੇ ਬਾਰੇ ਜਾਗਰੂਕ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਤੇ ਵਿਚਾਰਾਂ ਨੂੰ ਸਨਮਾਨ ਦੇਣ ਹਿੱਤ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ। ਸੁਆਮੀ ਜੀ ਨੇ ਹਮੇਸ਼ਾਂ ਨੌਜਵਾਨਾਂ ਦੀ ਸ਼ਕਤੀ ਨੂੰ ਵਧਾਉਣ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ ਸੀ। ਸਿੱਖਿਆ ਤੇ ਸ਼ਾਂਤੀ ਰੂਪੀ ਹਥਿਆਰ ਨਾਲ ਦੁਨੀਆਂ ਨੂੰ ਜਿੱਤਣ ਦੀ ਪ੍ਰੇਰਨਾ ਆਪ ਨੇ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਦਿੱਤੀ ਤਾਂ ਜੋ ਉਹ ਦੇਸ਼ ਦੇ ਭਲੇ ਲਈ ਆਪਣਾ ਉੱਤਮ ਯੋਗਦਾਨ ਦੇ ਸਕਣ ।ਸੁਆਮੀ ਵਿਵੇਕਾਨੰਦ ਜੀ ਨੇ ਦੇਸ਼ਵਾਸੀਆਂ ਨੂੰ ਕਿਹਾ ਸੀ ਕਿ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਭਾਰਤੀ ਹਾਂ ਅਤੇ ਪੂਰੇ ਮਾਣ ਨਾਲ ਇਹ ਘੋਸ਼ਣਾ ਕਰੋ ਕਿ ਅਸੀਂ ਭਾਰਤੀ ਹਾਂ, ਹਰ ਭਾਰਤੀ ਸਾਡਾ ਭਰਾ ਹੈ। ਆਪ ਨੇ ਭਾਰਤ ਦੇ ਅਤੀਤ ਤੇ ਵੀ ਮਾਣ ਪ੍ਰਗਟ ਕੀਤਾ। ਉਸ ਦੀਆਂ ਸਿੱਖਿਆਵਾਂ ਦੁਆਰਾ ਸਾਰੇ ਭਾਰਤੀਆਂ ਨੂੰ ਦੇਸ਼ ਦੀ ਸੇਵਾ ਚ ਤਿਆਰ ਹੋਣ ਦਾ ਉਪਦੇਸ਼ ਦਿੱਤਾ। ਆਪ ਨੇ ਦੇਸ਼ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਸਾਰ ਕੀਤਾ ਤੇ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਅਤੇ ਗੌਰਵਸ਼ਾਲੀ ਰਾਸ਼ਟਰ ਬਣਾਉਣ ਉਪਰ ਜ਼ੋਰ ਦਿੱਤਾ। ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਇਸ ਮੌਕੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸੁਆਮੀ ਵਿਵੇਕਾਨੰਦ ਜੀ ਵਾਂਗ ਨਿਮਰ, ਸਾਹਸੀ ਤੇ ਸ਼ਕਤੀਸ਼ਾਲੀ ਬਣਨਾ ਚਾਹੀਦਾ ਹੈ , ਕਿਉਂਕਿ ਇਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਅਸੀਂ ਇੱਕ ਸਿੱਖਿਅਤ ਨੌਜਵਾਨ ਪੀੜ੍ਹੀ ਦਾ ਨਿਰਮਾਣ ਕਰ ਸਕਦੇ ਹਾਂ। ਇਹੀ ਸਾਡਾ ਉਦੇਸ਼ ਹੈ।
