ਮੋਗਾ, 16 ਜਨਵਰੀ (ਅਸ਼ਵਨੀ, ਮੋਹਿਤ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਨਾ ਦੀ ਦੇਖ ਰੇਖ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਸੜਕ ਸੁਰੱਖਿਆ ਹਫ਼ਤਾ-2023 ਤਹਿਤ ਵੱਖ ਵੱਖ ਥਾਵਾਂ ਤੇ ਨਿੱਤ ਦਿਨ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਅਤੇ ਡਰਾਈਵਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਦੇ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਉਕਤ ਦੀ ਲਗਾਤਾਰਤਾ ਵਿੱਚ ਅੱਜ ਐਸ.ਡੀ. ਕਾਲਜ ਫਾਰ ਵੋਮੈੱਨ ਮੋਗਾ ਦੀਆਂ ਵਿਦਿਆਰਥਣਾਂ ਟ੍ਰੈਫਿਕ ਨਿਯਮਾ ਦੀ ਪਾਲਨਾ ਕਰਨ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਸਾਈਬਰ ਕਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ‘ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ ਸੰਬੰਧੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਵਹੀਕਲਾਂ ਉੱਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣੀਆਂ ਲਾਜ਼ਮੀ ਹਨ। ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸੰਬੰਧੀ ਵਿਸਥਾਰਪੂਰਵਕ ਜਾਗਰੂਕ ਕਰਕੇ ਇਸ ਸਬੰਧੀ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ 1930 ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਿਲੇਸ਼ੀਅਨ ਫੰਡ ਮੁਆਵਜ਼ਾ ਲੈਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਸਮੱਸਿਆ ਸਮੇਂ ਲੋੜ ਪੈਣ ਤੇ 112 ਨੰਬਰ ਡਾਇਲ ਕਰਕੇ ਸਹਾਇਤਾ ਲਈ ਜਾ ਸਕਦੀ ਹੈ।
ਇਸ ਮੌਕੇ ਪ੍ਰਿੰਸੀਪਲ ਮੈਡਮ ਡਾ. ਨੀਰਾ ਅਨੇਜਾ ,ਐਨ.ਐਸ.ਐਸ. ਇੰਚਾਰਜ ਡਾ. ਬਲਜੀਤ ਕੌਰ, ਊਸ਼ਾ ਮਾਹਲ, ਡਾਕਟਰ ਕੰਚਨ, ਸੁਸ਼ਮਾ ਜੀ, ਰਮਨਪ੍ਰੀਤ ਕੌਰ, ਡਾ. ਪਲਵਿੰਦਰ ਕੌਰ, ਡਾ. ਸਾਕਸ਼ੀ ਸ਼ਰਮਾ ਆਦਿ ਅਧਿਆਪਕ ਹਾਜ਼ਰ ਸਨ।