ਫ਼ਤਹਿਗੜ੍ਹ ਸਾਹਿਬ, 16 ਜਨਵਰੀ ( ਬੌਬੀ ਸਹਿਜਲ, ਧਰਮਿੰਦਰ)-ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨਾਲ ਜਿਥੇ ਟਰੈਫਿਕ ਵਿੱਚ ਵਿਘਨ ਪੈਂਦਾ ਹੈ ਉਥੇ ਹੀ ਨਿਯਮਾਂ ਦੀ ਅਣਦੇਖੀ ਕਈ ਭਿਆਨਕ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਆਪ ਖੁਦ ਜਾਗਰੂਕ ਹੋਈਏ ਅਤੇ ਆਪਣੇ ਬੱਚਿਆਂ, ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੀਏ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਇਹ ਪ੍ਰਗਟਾਵਾ ਜ਼ਿਲ੍ਹਾ ਟਰੈਫਿਕ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਨੇ 17 ਜਨਵਰੀ ਤੱਕ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਸਪਤਾਹ ਅਧੀਨ ਜੀਸਸ ਸੇਵੀਅਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਕਰਵਾਏ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਵਾਹਨ ਚਾਲਕ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਂਦੇ ਹਨ ਜੋ ਕਿ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਸਕਦਾ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਕੇ ਵਾਹਨ ਨਹੀਂ ਚਲਾਉਣੇ ਚਾਹੀਦੇ ਇਸ ਨਾਲ ਜਿਥੇ ਵਾਹਨ ਚਾਲਕ ਆਪ ਸੁਰੱਖਿਅਤ ਰਹਿ ਸਕਦੇ ਹਨ ਉਥੇ ਹੀ ਹੋਰਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕਦੀ ਹੈ।ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਕੌਮੀ ਸੜਕ ਸੁਰੱਖਿਆ ਸਪਤਾਹ ਦੌਰਾਨ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਆਟੋ ਯੂਨੀਅਨ ਆਦਿ ਵਿੱਚ ਜਾਗਰੂਕਤਾ ਸੈਮੀਨਾਰ ਕਰ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕਰਨ ਕਿਉਂਕਿ ਜੇਕਰ ਬੱਚੇ ਇਨ੍ਹਾਂ ਨਿਯਮਾਂ ਸਬੰਧੀ ਜਾਗਰੂਕ ਹੋਣਗੇ ਤਾਂ ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਨਗੇ। ਇਸ ਤਰ੍ਹਾਂ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਕਾਰ ਚਲਾਉਣ ਸਮੇਂ ਸੀਟ ਬੈਲਟ ਲਾਉਣੀ ਜਰੂਰੀ ਹੈ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਹਿਨਣਾ ਜਰੂਰੀ ਹੈ। ਇਸ ਤੋਂ ਇਲਾਵਾ ਟਰੈਫਿਕ ਲਾਈਟਾਂ ‘ਤੇ ਹਰੀ ਬੱਤੀ ਹੋਣ ਤੱਕ ਇੰਤਜਾਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਵਾਹਨ ਨੂੰ ਗਲਤ ਸਾਈਡ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗੱਡੀਆਂ ਪਾਰਕ ਕਰਨ ਸਮੇਂ ਵੀ ਸਹੀ ਸਥਾਨ ‘ਤੇ ਹੀ ਗੱਡੀਆਂ ਪਾਰਕ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਜਾਣ ਵਾਲੀ ਟਰੈਫਿਕ ਵਿੱਚ ਵਿਘਨ ਨਾ ਪਵੇ।ਟਰੈਫਿਕ ਇੰਚਾਰਜ ਨੇ ਹੋਰ ਦੱਸਿਆ ਕਿ ਸੜਕ ਸੁਰੱਖਿਆ ਸਪਤਾਹ ਦੌਰਾਨ ਵੱਖ-ਵੱਖ ਸਕੂਲਾਂ, ਟਰੱਕ ਯੂਨੀਅਨਾਂ, ਟੈਂਪੂ ਯੂਨੀਅਨਾਂ ਅਤੇ ਹੋਰ ਥਾਵਾਂ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਜਾਗਰੂਕਤਾ ਸੈਮੀਨਾਰਾਂ ਵਿੱਚ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਏ.ਐਸ.ਆਈ. ਪਰਮਿੰਦਰ ਸਿੰਘ, ਏ.ਐਸ.ਆਈ. ਹੰਸਰਾਜ ਅਤੇ ਹੈਡ ਕਾਂਸਟੇਬਲ ਦਵਿੰਦਰ ਸਿੰਘ ਵੀ ਮੌਜੂਦ ਸਨ।
