ਫਤਹਿਗੜ੍ਹ ਸਾਹਿਬ, 17 ਜਨਵਰੀ ( ਬੌਬੀ ਸਹਿਜਲ, ਮੋਹਿਤ ਜੈਨ)-ਚਾਇਨਾ ਡੋਰ, ਪਲਾਸਟਿਕ, ਨਾਈਲੋਨ ਅਤੇ ਹੋਰ ਨਾ ਨਸ਼ਟ ਹੋਣ ਵਾਲੀਆਂ ਡੋਰਾਂ ਦੀ ਵਰਤੋਂ, ਸਟੋਰ, ਵਿਕਰੀ ਅਤੇ ਖਰੀਦਣ ਵਾਲਿਆਂ ਨਾਲ ਸ਼ਖਤੀ ਨਾਲ ਨਜਿੱਠਿਆ ਜਾਵੇਗਾ ਤਾਂ ਜੋ ਪਤੰਗ ਉਡਾਉਣ ਵਾਲੀਆਂ ਡੋਰਾਂ ਨਾਲ ਰੋਜਾਨਾ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ.ਫਤਹਿਗੜ੍ਹ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਦਫਤਰ ਵਿੱਖ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਉਵੇਂ ਹੀ ਬੱਚਿਆਂ ਵਿੱਚ ਪਤੰਗ ਉਡਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਅਤੇ ਵਧੇਰੇ ਬੱਚੇ ਜਿਵੇਂ ਕਿ ਚਾਇਨਾ ਡੋਰ ਜਾਂ ਪਲਾਸਟਿਕ ਅਤੇ ਹੋਰ ਅਜਿਹੇ ਨਾ ਨਸ਼ਟ ਹੋਣ ਵਾਲੀਆਂ ਡੋਰਾਂ ਦੀ ਵਰਤੋਂ ਕਰਦੇ ਹਨ,ਇਹ ਜਿੱਥੇ ਮਨੁੱਖੀ ਜਾਨਾਂ ਲਈ ਖਤਰਾ ਬਣਦੀਆਂ ਹਨ, ਉੱਥੇ ਪਸ਼ੂ ਪੰਛੀਆਂ ਲਈ ਵੀ ਘਾਤਕ ਸਿੱਧ ਹੋ ਰਹੀਆਂ ਹਨ।ਐਸ ਡੀ ਐਮ ਨੇ ਦੱਸਿਆ ਕਿ ਇਨ੍ਹਾਂ ਰੋਜਾਨਾਂ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਕੌਰ ਸ਼ੇਰਗਿੱਲ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਐਸ ਡੀ ਐਮ ਚੈਅਰਮੈਨ, ਡੀ ਐਸ ਪੀ , ਕਾਰਜ ਸਾਧਕ ਅਫਸਰ , ਅਤੇ ਬੀ ਡੀ ਪੀ ਓ, ਐਸ ਡੀ ਓ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮੈਂਬਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਕਲੱਸਟਰ ਬਣਾ ਕੇ ਵੱਖ ਵੱਖ ਟੀਮਾਂ ਨੂੰ ਜਿੰਮੇਵਾਰੀ ਸੌਂਪੀ ਜਾਵੇਗੀ ਤਾਂ ਜੋ ਇਨ੍ਹਾਂ ਡੋਰਾਂ ਤੇ ਮੁਕੰਮਲ ਪਾਬੰਦੀ ਲਗਾਈ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਖੇਤਰ ਦੇ ਮੁਕੰਮਲ ਤੌਰ ਤੇ ਜਿੰਮੇਵਾਰ ਹੋਣਗੇ ਕਿ ਉਨ੍ਹਾਂ ਨੂੰ ਅਲਾਟ ਕੀਤੇ ਗਏ ਖੇਤਰ ਵਿੱਚ ਇਨ੍ਹਾਂ ਡੋਰਾਂ ਦੀ ਵਰਤੋਂ, ਸਟੋਰ, ਵਿਕਰੀ ਅਤੇ ਖਰੀਦ ਕਰਨ ਤੇ ਪੂਰਨ ਤੌਰ ਤੇ ਲੋਕ ਲਗਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਕੋਲ ਇੰਤਰਾਜਯੋਗ ਡੋਰ ਫੜ੍ਹੀ ਜਾਂਦੀ ਹੈ ਤਾਂ ਉਸ ਖਿਲਾਫ ਪ੍ਰਦੂਸ਼ਣ ਐਕਟ ਅਤੇ ਜਾਨਵਰਾਂ ਤੇ ਹੋਣ ਵਾਲੇ ਅੱਤਿਆਚਾਰ ਵਾਲੇ ਐਕਟ ਅਧੀਨ ਕੇਸ ਦਰਜ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਬਣਦੀ ਸਜ੍ਹਾ ਦਿਵਾਈ ਜਾ ਸਕੇ। ਇਸ ਮੌਕੇ ਕਾਰਜ ਸਾਧਕ ਅਫਸਰ ਸਰਹਿੰਦ ਗੁਰਬਖਸ਼ੀਸ਼ ਸਿੰਘ,, ਨਾਜਰ ਸਿੰਘ ਸੁਪਰਡੈਂਟ ਬੀ ਡੀ ਓ ਦਫਤਰ ਸਰਹਿੰਦ, ਜਸਵੀਰ ਕੌਰ ਸੁਪਰਡੈਂਟ ਬੀ ਡੀ ਪੀ ਓ ਦਫਤਰ ਖੇੜਾ, ਧਰਮਿੰਦਰ ਸਿੰਘ ਰੀਡਰ ਡੀ ਐਸ ਪੀ ਫਤਹਿਗੜ੍ਹ ਸਾਹਿਬ, ਐਸ ਡੀ ਐਮ ਦਫਤਰ ਤੋਂ ਸਟੈਨੋ ਇਕਬਾਲ ਸਿੰਘ,ਗੁਰਿੰਦਰ ਕੌਰ ਹਾਜਰ ਸਨ।
