ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਮੁਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ’ਚ ਪਹੁੰਚਣ ’ਤੇ ਉਨ੍ਹਾਂ ਦੀ ਗੱਡੀ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ’ਚ ਉਹ ਵਾਲ-ਵਾਲ ਬਚ ਗਏ। ਇਸ ਹਮਲੇ ਦੀ ਸਾਰੇ ਪਾਸੇ ਤੋਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕੁਝ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਜਿੰਮੇਵਾਰੀ ਬਣਦੀ ਹੈ ਤਾਂ ਕਿ ਕੌਮ ਵਿਚ ਜੋ ਦੁਵਿਧਾ ਹੈ ਉਹ ਦੂਰ ਕੀਤੀ ਜਾ ਸਕੇ। ਇਸ ਹਮਲੇ ਦੇ ਪਿੱਛੇ ਵੀ ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੋਰਚੇ ਵਿਚ ਸ਼ਾਮਲ ਲੋਕਾਂ ਵਲੋਂ ਕੌਮ ਪ੍ਰਤੀ ਪੁੱਛੇ ਗਏ ਕੁਝ ਸਵਾਲਾਂ ਦਾ ਜਵਾਬ ਪ੍ਰਧਾਨ ਜੀ ਸੰਤੁਸ਼ਟੀ ਜਨਕ ਨਹੀਂ ਦੇ ਸਕੇ ਜਾਂ ਉਨ੍ਹਾਂ ਸਵਾਲਾਂ ਦੇ ਜਵਾਬ ਉਨ੍ਹਾਂ ਕੋਲ ਨਹੀਂ ਸਨ। ਇਸੇ ਲਈ ਰੋਸ਼ ਵਿਚ ਆਏ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ ਗਈ। ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਧਰਮ ਦੀ ਆੜ ਵਿਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਸਿਆਸੀ ਪਾਰਟੀਆਂ ਧਰਮ ਦੀ ਆੜ ਵਿਚ ਸੱਤਾ ਹਾਸਿਲ ਕਰਦੀਆਂ ਰਹੀਆਂ ਹਨ ਅਤੇ ਇਹੀ ਧਰਮ ਦੇ ਮੁੱਦੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬੁਰੀ ਤਰ੍ਹਾਂ ਨਾਲ ਬੇ ਦਖਲ ਕਰਨ ਦਾ ਵੱਡਾ ਕਾਰਨ ਵੀ ਬਣੇ। ਉਨ੍ਹਾਂ ਹੀ ਧਰਮ ਦੇ ਵੱਡੇ ਮਾਮਲਿਆ ਵਿਚੋਂ ਪੱਜ ਮੁੱਦੇ ਅਜਿਹੇ ਸੰਵੇਦਨਸ਼ੀਲ ਹਨ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਧੁਰ ਅੰਦਰ ਤੋਂ ਜੁੜੇ ਹੋਏ ਹਨ। ਉਨ੍ਹਾਂ ਵਿਚੋਂ ਇਹ ਵੱਡਾ ਮੱੁਦਾ ਹੈ ਦੇਸ਼ ਭਰ ਦੀਆਂ ਜੇਲਾਂ ਵਿਚ ਨਜਰਬੰਦ ਕੀਤੇ ਹੋਏ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦਾ ਜਿੰਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਕੌਮ ਬੰਦੀ ਸਿਖਾਂ ਦੀ ਰਿਹਾਈ ਦਾ ਨਾਮ ਦੇ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਮੁਹਾਲੀ ਦਾ ਮੋਰਚਾ ਵੀ ਪੱਕਾ ਮੋਰਚਾ ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਲਈ ਅਹਿਮ ਹੈ। ਜਿਸ ’ਚ ਪੰਜਾਬ ਭਰ ’ਚੋਂ ਰੋਜ਼ਾਨਾ ਸੈਂਕੜੇ ਲੋਕ ਮੋਰਚੇ ’ਚ ਸ਼ਾਮਿਲ ਹੋਣ ਲਈ ਆਉਂਦੇ ਹਨ। ਦੂਸਰਾ ਵੱਡਾ ਮੁੱਦਾ ਹੈ ਪਿਛਲੇ ਸਮੇਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਉਨ੍ਹਾਂ ਦੇ ਇਨਸਾਫ ਦਾ, ਤੀਸਰਾ ਮੁੱਦਾ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ ਲਈ ਸ਼ਾਂਤਮਈ ਢੰਗ ਨਾਲ ਬੈਠਏ ਹੋਏ ਸਿੱਖਾਂ ਤੇ ਬਰਗਾੜੀ ਵਿਚ ਗੋਲੀ ਚਲਾਉਣ ਦਾ, ਚੌਥਾ ਮੁੱਦਾ ਹੈ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਅਤੇ ਪੰਜਵਾਂ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲਾਪਤਾ ਹੋਣ ਦਾ। ਇਹ ਸਾਰੇ ਮਾਮਲੇ ਸਿੱਖ ਕੌਮ ਬੇ-ਹੱਦ ਸੰਵੇਦਨਸ਼ੀਲ ਹਨ ਅਤੇ ਇਨ੍ਹਾਂ ਦੇ ਜਵਾਬ ਹਰ ਸਿੱਖ ਚਾਹੁੰਦਾ ਹੈ। ਇਸੇ ਕਰਕੇ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਅਤੇ ਇਨ੍ਹਾਂ ਮੁੱਦਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਬੈਕਫੁੱਟ ’ਤੇ ਚਲਾ ਗਿਆ ਹੈ। ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਤਾਂ ਉਦੋਂ ਤੁਸੀਂ ਇਹ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਦੀ ਹਾਰ ਨਹੀਂ ਹੋਈ ਬਲਕਿ ਪੰਥ ਹਾਰ ਗਿਆ ਹੈ। ਤੁਹਾਡੇ ਇਸ ਬਿਆਨ ’ਤੇ ਦੁਨੀਆਂ ਭਰ ਵਿਚ ਤਿੱਖੇ ਪ੍ਰਤੀਕਰਮ ਆਏ ਸਨ ਅਤੇ ਲੋਕ ਸਵਾਲ ਕਰ ਰਹੇ ਸਨ ਕਿ ਤੁਸੀਂ ਇਕ ਪਰਿਵਾਰ ਨੂੰ ਹੀ ਪੰਥ ਕਿਵੇਂ ਕਹਿ ਸਕਦੇ ਹੋ ? ਹੁਣ ਜਦੋਂ ਤੁਹਾਡੀ ਕਾਰ ਤੇ ਹਮਲਾ ਹੋਇਆ ਹੈ ਤਾਂ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਪੰਥ ਤੇ ਹਮਲਾ ਕਹਿ ਰਿਹਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਇੱਕ ਪੰਥ ਹੈ ? ਪ੍ਰਧਾਨ ਸਾਹਿਬ ! ਤੁਸੀਂ ਇਕ ਪੜ੍ਹੇ ਲਿਖੇ ਬੇ-ਹੱਦ ਸੂਝਵਾਨ ਵਿਅਕਤੀ ਹੋ। ਤੁਹਾਨੂੰ ਇਸ ਮੁਕਾਮ ਤੱਕ ਪਹੁੰਚਾਉਮ ਵਿਚ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਦਾ ਹੱਥ ਹੋ ਸਕਦਾ ਹੈ। ਪਰ ਤੁਸੀਂ ਜਿਸ ਅਹੁਦੇ ’ਤੇ ਇਸ ਮੌਕੇ ਬਿਰਾਜਮਾਨ ਹੋ ਉਹ ਅਹੁਦਾ ਕੌਮ ਅਤੇ ਪੰਥ ਦੀ ਅਗੁਵਾਈ ਕਰਨ ਵਾਲੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਿਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਹੈ। ਇਸ ਲਈ ਤੁਹਾਡੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਕੌਮ ਅਤੇ ਪੰਥ ਦੀ ਭਲਾਈ ਲਈ ਸੋਚਣਾ ਅਤੇ ਕੰਮ ਕਰਨਾ ਹੈ। ਜੋ ਉਮੀਦਾਂ ਤੁਹਾਡੇ ਤੋਂ ਕੌਮ ਨੂੰ ਹਨ ਉਨ੍ਹਾਂ ਤੇ ਖਰ੍ਹਾ ਉਤਰਨ ਲਈ ਕੰਮ ਕਰਨਾ ਅਤੇ ਸੋਚਣਾ ਤੁਹਾਡੀ ਜਿੰਮੇਵਾਰੀ ਹੈ ਨਾ ਕਿ ਕਿਸੇ ਇਕ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੀ ਸੋਚ ਅਨੁਸਾਰ ਕੰਮ ਕਰਨਾ। ਇਤਿਹਾਸ ਗਵਾਹ ਹੈ ਕਿ ਜੇਕਰ ਕਿਸੇ ਕੰਮ ਨਾਲ ਕੌਮ ਜਾਂ ਪੰਥ ਦਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਉਂਦਾ ਹੋਵੇ ਤਾਂ ਜਿੰਮੇਵਾਰ ਅਹੁਦੇ ਤੇ ਬੈਠੇ ਹੋਏ ਆਗੂਆਂ ਵਲੋਂ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੀ ਕੁਰਸੀ ਨੂੰ ਠੋਕਰ ਮਾਰ ਕੇ ਗੁਰੂ ਸਾਹਿਬ ਦੀ ਗੋਦ ਦਾ ਨਿੱਘ ਮਾਨਣ ਨੂੰ ਤਰਜੀਹ ਦਿੱਤੀ। ਲੋਕ ਅਜਿਹੇ ਲੋਕਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ। ਇਸ ਲਈ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਜਿਸ ਅਹੁਦੇ ’ਤੇ ਬਿਰਾਜਮਾਨ ਹੋ ਉਹ ਕਿਸੇ ਪਾਰਟੀ ਜਾਂ ਵਿਅਕੀਤ ੀਵਸੇਸ਼ ਦੀ ਕਿਰਪਾ ਨਾਲ ਹਾਸਿਲ ਹੋਇਆ ਹੈ ਤਾਂ ਤੁਸੀਂ ਕੌਮ ਅਤੇ ਪੰਥ ਲਈ ਉਸ ਅਹੁਦੇ ਨੂੰ ਠੋਕਰ ਮਾਰ ਕੇ ਆਪਣਾ ਜੀਵਨ ਗੁਰੂ ਦੇ ਲੇਖੇ ਵਿੱਚ ਪਾਉਣ ਦੀ ਪਹਿਲਕਦਮੀ ਕਰੋ ਕਿਉਂਕਿ ਗੁਰੂ ਦੇ ਦਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਅਤੇ ਜੋ ਸੁੱਖ ਅਤੇ ਮਨ ਦੀ ਸ਼ਾਂਤੀ ਗੁਰੂ ਦੀ ਗੋਦ ਦਾ ਨਿੱਘ ਮਾਣ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉੱਥੇ ਕਿਸੇ ਵੀ ਨਿੱਜੀ ਵਿਅਕਤੀ ਨੂੰ ਖੁਸ਼ ਕਰਨ ਨਾਲ ਹਾਸਿਲ ਨਹੀਂ ਹੋ ਸਕਦੀ। ਇਸ ਲਈ ਜੇਕਰ ਤੁਸੀਂ ਜਿੰਮੇਵਾਰ ਅਹੁਦੇ ਤੇ ਬਿਰਾਜਮਾਨ ਹੋ ਤਾਂ ਤੁਹਾਨੂੰ ਸਿੱਖ ਕੌਮ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਜੇਕਰ ਕਿਸੇ ਮਜਬੂਰੀਵਸ ਤੁਸੀਂ ਕੌਮ ਨੂੰ ਸਤੁੰਸ਼ਟ ਨਹੀਂ ਕਰ ਸਕਦੇ ਤਾਂ ਇਕ ਸਖਤ ਸਟੈਂਡ ਕੌਮ ਲਈ ਅਤੇ ਦੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕਰਨ ਲਈ ਲੈ ਕੇ ਦੇਖ ਲਓ। ਕੌਮ ਤੁਹਾਨੂੰ ਆਪਣੇ ਆਪ ਹੀ ਸਿਰ ਅੱਖਾਂ ਤੇ ਬਿਠਾ ਲਏਗੀ।
ਹਰਵਿੰਦਰ ਸਿੰਘ ਸੱਗੂ