ਦੋਸਤ ਦੇ ਫਲੈਟ ‘ਚ ਆ ਕੇ ਚੌਥੀ ਮੰਜ਼ਿਲ ਤੋ ਮਾਰੀ ਛਾਲ
ਮੋਹਾਲੀ, 18 ਜਨਵਰੀ(ਭਗਵਾਨ ਭੰਗੂ-ਰੋਹਿਤ ਗੋਇਲ )ਖਰੜ-ਲਾਂਡਰਾਂ ਰੋਡ ਸੈਕਟਰ-115 ਵਿਖੇ ਸਥਿਤ ਸਕਾਈਲਾਰਕ ਸੋਸਾਇਟੀ ਦੇ ਫਲੈਟ ਦੀ ਚੌਥੀ ਮੰਜ਼ਿਲ ਤੋਂ ਨੌਜਵਾਨ ਨੇ ਛਾਲ ਮਾਰ ਕੇ ਸ਼ੱਕੀ ਹਾਲਾਤ ’ਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸਿਮਰਨਜੀਤ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਆਰਿਆ ਗੁਰਦਾਸ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਕੈਨੇਡਾ ਦਾ ਗੋ ਵਾਰ ਵੀਜ਼ਾ ਰਿਫਿਊਜ ਹੋ ਚੁੱਕਿਆ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਬੀਤੀ ਰਾਤ ਉਕਤ ਸੋਸਾਇਟੀ ਦੇ ਰਹਿਣ ਵਾਲੇ ਆਪਣੇ ਇਕ ਦੋਸਤ ਕੋਲ ਆਇਆ ਸੀ ਫਿਰ ਤੜਕੇ ਸਵੇਰੇ ਪੌਣੇ ਪੰਜ ਵਜੇ ਉਸ ਨੇ ਫਲੈਟ ਦੇ ਬਾਹਰ ਬਾਲਕੋਨੀ ’ਚੋਂ ਛਾਲ ਮਾਰ ਦਿੱਤੀ, ਜਿਸ ਨੂੰ ਕੁਝ ਸਮਾਂ ਪਿੱਛੋਂ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪੁੱਜਣ ’ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ ਤੋਂ ਖ਼ੁਦਕੁਸ਼ੀ ਨੋਟ ਜਾਂ ਕੋਈ ਵੀ ਹੋਰ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਹੈ, ਜਿਸ ਤੋਂ ਘਟਨਾ ਦਾ ਕਾਰਨ ਪਤਾ ਲੱਗ ਸਕੇ। ਫਲੈਟ ’ਚ ਰਹਿ ਰਹੇ ਮ੍ਰਿਤਕ ਸਿਮਰਨਜੀਤ ਸਿੰਘ ਦੇ ਦੋਸਤ ਪਰਮਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਉਸ ਨੂੰ ਸਿਮਰਨ ਦਾ ਫੋਨ ਆਇਆ ਸੀ ਕਿ ਉਹ ਗੁਰਦਾਸਪੁਰ ਤੋਂ ਆ ਰਿਹਾ ਹੈ ਅਤੇ ਰਾਤ ਨੂੰ ਉਸ ਦੇ ਕੋਲ ਹੀ ਰੁਕੇਗਾ। ਰਾਤੀਂ 10 ਵਜੇ ਸਿਮਰਨਜੀਤ ਸਿੰਘ ਦੇ ਆਖਣ ’ਤੇ ਉਹ ਉਸ ਨੂੰ ਮੋਹਾਲੀ ਰੇਲਵੇ ਸਟੇਸ਼ਨ ਨੇੜਿਓਂ ਆਪਣੇ ਨਾਲ ਘਰ ਲੈ ਕੇ ਆਇਆ ਤੇ ਜਦੋਂ ਉਹ ਸੌਂ ਗਿਆ ਤਾਂ ਸਿਮਰਨਜੀਤ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ, ‘ਪਰਮ-ਪਰਮ ਮੈਂ ਚੱਲਿਆ ਆਂ’। ਜਦੋਂ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਦੋਸਤ ਬਾਲਕੋਨੀ ਤੋਂ ਥੱਲੇ ਲਹੂ-ਲੁਹਾਨ ਹਾਲਤ ਵਿਚ ਡਿੱਗਿਆ ਪਿਆ ਸੀ ਉਸ ਨੇ ਫੌਰੀ ਇਸ ਦੀ ਇਤਲਾਹ ਪੁਲਿਸ ਕੰਟਰੋਲ ਰੂਮ ’ਤੇ ਦਿੱਤੀ। ਫਿਲਹਾਲ ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਖਰੜ ਦੀ ਮੌਰਚਰੀ ’ਚ ਰਖਵਾ ਦਿਤੀ ਹੈ ਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿਤਾ ਹੈ।