ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਆਜ਼ਾਦ ਦੇਸ਼ ਲਈ ਸਭ ਤੋਂ ਵੱਡਾ ਕੰਮ ਉਸ ਦਾ ਆਪਣਾ ਸੰਵਿਧਾਨ ਬਣਾਉਣਾ ਹੁੰਦਾ ਹੈ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਸਾਡੇ ਲਈ ਵੀ ਇਹੀ ਸਭ ਤੋਂ ਵੱਡਾ ਅਤੇ ਅਹਿਮ ਕੰਮ ਸੰਾਧਾਨ ਦੀ ਰਚਨਾ ਹੀ ਸੀ। ਭਾਰਤ ਦਾ ਸੰਵਿਧਾਨ ਭਾਰਤ ਦੇ ਹੋਨਹਾਰ ਸਪੁੱਤਰ ਡਾ: ਭੀਮ ਰਾਓ ਅੰਬੇਡਕਰ ਦੁਆਰਾ ਲਿਖਿਆ ਗਿਆ , ਜਿਸ ਨੂੰ 26 ਜਨਵਰੀ ਨੂੰ ਲਾਗੂ ਕੀਤਾ ਗਿਆ ਸੀ। ਉਦੋਂ ਤੋਂ ਹੀ ਅਸੀਂ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਮਨਾਉਂਦੇ ਹਾਂ। ਇਸ ਸੰਵਿਧਾਨ ਵਿਚ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਵਕਾਲਤ ਕੀਤੀ ਗਈ ਸੀ। ਦੇਸ਼ ਭਰ ਵਿਚ ਕਮਜੋਰ ਅਤੇ ਦੇਸ਼ ਦੇ ਸਾਰੇ ਦੱਬੇ-ਕੁਚਲੇ ਵਰਗਾਂ ਨੂੰ ਇਕ ਸਮਾਨ ਅਧਿਕਾਰ ਦੇਣ ਲਈ ਬਹੁਤ ਸਾਰੀਆਂ ਧਾਰਾਵਾਂ ਵਿਕਸਤ ਕੀਤੀਆਂ ਗਈਆਂ। ਜਿਸ ਕਾਰਨ ਅੱਜ ਦੇਸ਼ ਭਰ ਵਿੱਚ ਸਾਰੇ ਲੋਕਾਂ ਲਈ ਇੱਕ ਸਮਾਨ ਕਾਨੂੰਨ ਹੈ। ਚਾਹੇ ਉਹ ਕਿਸੇ ਵੀ ਜਾਤੀ, ਅਮੀਰ ਹੋਵੇ ਜਾਂ ਗਰੀਬ ਚੋਹੇ ਕੋਈ ਵੀ ਗੁਨਾਹ ਕਰਦਾ ਹੈ ਤਾਂ ਸਾਰਿਆਂ ਲਈ ਇੱਕੋ ਜਿਹੀ ਸਜ਼ਾ ਤੈਅ ਕੀਤੀ ਗਈ ਹੈ। ਇਹੀ ਸੋਚ ਸੀ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ: ਅੰਬੇਡਕਰ ਦੀ। ਅੱਜ ਅਸੀਂ ਦੇਸ਼ ਦਾ 74ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ। ਦੇਸ਼ ਦੀ ਆਜਾੀਦ ਦੀ ਲੜਾਈ ਲੜਣ ਵਾਲੇ ਮਹਾਨ ਯੋਧਿਆੰ ਅਤੇ ਆਜ਼ਾਦੀ ਘੁਲਾਟੀਆਂ ਦੀ ਸੋਚ ’ਤੇ ਵੀ ਝਾਤ ਮਾਰਨੀ ਪਵੇਗੀ। ਜਿਨ੍ਹਾਂ ਯੋਧਿਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਨ੍ਹਾਂ ਨੇ ਨੇ ਆਜਾਦ ਦੇਸ਼ ਲਈ ਕਿਹੋ ਜਿਹਾ ਸੁਪਨਾ ਲਿਆ ਸੀ ,ਆਜ਼ਾਦੀ ਤੋਂ ਬਾਅਦ ਭਾਰਤ ਦਾ ਮਾਹੌਲ ਕਿਹੋ ਜਿਹਾ ਹੋਵੇਗਾ। ਭਾਵੇਂ ਅਸੀਂ ਹਰ ਸਾਲ ਸਵੰਤਾਤਰਤਾ ਅਤੇ ਗਣਤੰਤਰਤਾ ਦਿਵਸ ਮਨਾਉਂਦੇ ਹਾਂ। ਪਰ ਸਿਰਫ਼ ਉਸੇ ਇੱਕ ਦਿਨ ਭਾਸ਼ਣ ਹੁੰਦਾ ਹੈ। ਇਸ ਤੋਂ ਇਲਾਵਾ ਦੇਸ਼ ਇੱਕਸਾਰ ਕਾਨੂੰਨ ਨੂੰ ਲੈ ਕੇ ਹਮੇਸ਼ਾ ਵਿਵਾਦਾਂ ਦੇ ਘੇਰੇ ਵਿਚ ਫਸਿਆ ਰਹਿਦਾ ਹੈ। ਅੱਜ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਦੇਖਿਆ ਜਾਂਦਾ ਹੈ ਕਿ ਕਾਨੂੰਨ ਅਮੀਰਾਂ ਲਈ ਹੋਰ ਢੰਗ ਨਾਲ ਕੰਮ ਕਰਦਾ ਹੈ ਅਤੇ ਗਰੀਬਾਂ ਲਊ ਹੋਰ ਢੰਗ ਨਾਲ ਕੰਮ ਕਰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਅਪਰਾਧੀ ਹਨ ਜੋ ਅਪਰਾਧ ਕਰਨ ਦੇ ਬਾਵਜੂਦ ਵੀ ਕਾਨੂੰਨ ਦੀ ਪਕੜ ਵਿਚ ਨਹੀਂ ਆਉਂਦੇ। ਜਾਂ ਅਜਿਹਾ ਕਹਿ ਲਓ ਕਿ ਕਾਨੂੰਨ ਨੂੰ ਇਨ੍ਹਾਂ ਨੂੰ ਆਪਣੇ ਸ਼ਿਕੰਜੇ ਵਿਚ ਲੈਣ ਦੀ ਜ਼ੁਰਅੱਤ ਹੀ ਨਹੀਂ ਹੁੰਦੀ। ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਪੈਸਾ ਅਤੇ ਸਿਆਸੀ ਪਹੁੰਚ ਨਹੀਂ ਹੁੰਦੀ ਅਤੇ ਉਹ ਬੇਕਸੂਰ ਹੋਣ ਦੇ ਬਾਵਜੂਦ ਕਾਨੂੰਨੀ ਚਾਰਾਜੋਈ ਵਿਚ ਫਸਾ ਲਏ ਜਾਂਦੇ ਹਨ ਅਤੇ ਅੱਜ ਬਿਨਾਂ ਕਿਸੇ ਕਸੂਰ ਦੇ ਸਜ਼ਾ ਭੁਗਤ ਰਹੇ ਹਨ। ਜੇਕਰ ਅਸੀਂ ਹੁਣ ਤੱਕ ਡਾ: ਭੀਮ ਰਾਓ ਅੰਬੇਡਕਰ ਅਤੇ ਹੋਰ ਆਜਾੀਦ ਦੇ ਪਰਵਾਨਿਆਂ ਵਲੋਂ ਭਾਰਤ ਦੇ ਸਭ ਲਈ ਇਕ ਬਰਾਬਰ ਦੇ ਅਧਿਕਾਰ ਅਤੇ ਇਕਸਾਰ ਕਾਨੂੰਨ ਦੇ ਸੁਪਨੇ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਸਾਡੇ ਹਾਲਾਤਾਂ ਨੂੰ ਦੇਖ ਕੇ ਉਨ੍ਹਾਂ ਆਜਾਦੀ ਦੇ ਪ੍ਰਵਾਨਿਆਂ ਨੂੰ ਅਫਸੌੋਸ ਹੁੰਦਾ ਹੋਵੇਗਾ। ਜੇਕਰ ਡਾ ਅੰਬੇਜਕਰ ਵਰਗੀਆਂ ਹਸਤੀਆਂ ਅੱਜ ਸਾਡੇ ਵਿਚਕਾਰ ਹੁੰਦੀਆਂ ਤਾਂ ਉਨ੍ਹਾਂ ਨੂੰ ਦੇਸ਼ ਲਈ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਲੰਮਾ ਸਮਾਂ ਫਿਰ ਸੰਘਰਸ਼ ਕਰਨਾ ਪੈਂਦਾ। ਰਾਜਨੀਤਿਕ ਉਥਲ-ਪੁਥਲ ਦੌਰਾਨ ਸੰਵਿਧਾਨ ਦੀਆਂ ਧਾਰਾਵਾਂ ਨੂੰ ਸਹੀ ਕਾਨੂੰਨ ਦੀ ਬਜਾਏ ਲੋੜ ਅਨੁਸਾਰ ਕੰਮ ਲਿਆ ਜਾਂਦਾ ਹੈ। ਬਹੁਤ ਸਾਰੀਆਂ ਅਜਿਹੀਆਂ ਧਾਰਾਵਾਂ ਹਨ ਜਿੰਨ੍ਹੰ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਣਾ ਜਾਂ ਅਪਗ੍ਰੇਡ ਕਰਨਾ ਜ਼ਰੂਰੀ ਹੈ। ਭਾਵੇਂ ਅਸੀਂ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਦਿੱਤਾ ਹੈ ਪਰ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਈ ਕਾਨੂੰਨ ਅੱਜ ਵੀ ਲਾਗੂ ਹਨ। ਅਆੱਜ ਦਾ ਦਿਨ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਨੂੰ ਸਿਰਫ਼ ਯਾਦ ਕਰਨ ਦਾ ਦਿਨ ਨਹੀਂ ਹੈ, ਸਗੋਂ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਅਨੁਸਾਰ ਅੱਗੇ ਵਧਣ ਦੀ ਲੋੜ ਹੈ। ਸੰਵਿਧਾਨ ਵਿੱਚ ਇਕ ਸਮਾਨ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਕੋਈ ਵੀ ਬੇਕਸੂਰ ਬਿਨਾਂ ਕਿਸੇ ਕਾਰਨ ਕਾਨੂੰਨ ਦੇ ਸ਼ਿਕੰਜੇ ਵਿੱਚ ਨਾ ਲਿਆ ਜਾ ਸਕੇ ਅਤੇ ਕੋਈ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਵੀ ਭਾਵੇਂ ਕਿੰਨੇ ਵੀ ਪੈਸੇ ਵਾਲਾ ਅਤੇ ਪਹੁੰਚ ਵਾਲਾ ਕਿਉਂ ਨਾ ਹੋਵੇ ਉਹ ਹਚਣਾ ਨਹੀਂ ਚਾਹੀਦਾ। ਕਿਸੇ ਨੂੰ ਵੀ ਸੰਵਿਧਾਨ ਜਾਂ ਕਾਨੂੰਨ ਨਾਲ ਖਿਲਵਾੜ ਕਰਨ ਦੀ ਇਜ਼ਾਜਤ ਨਾ ਦਿਤੀ ਜਾਵੇ ਤਾਂ ਹੀ ਅਸੀਂ ਡਾ.ਅੰਬੇਦਕਰ ਦੀ ਸੋਚ ’ਤੇ ਪਹਿਰਾ ਦੇ ਸਕਦੇ ਹਾਂ ਅਤੇ ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਹਰਵਿੰਦਰ ਸਿੰਘ ਸੱਗੂ ।