Home ਪਰਸਾਸ਼ਨ ਭੀਖ ਮੰਗਦੇ ਬੱਚਿਆਂ ਨੂੰ ਸਿੱਖਿਆ ਦੇ ਰਾਹ ‘ਤੇ ਲਿਜਾਣ ਦੇ ਪਟਿਆਲਾ ਮਾਡਲ...

ਭੀਖ ਮੰਗਦੇ ਬੱਚਿਆਂ ਨੂੰ ਸਿੱਖਿਆ ਦੇ ਰਾਹ ‘ਤੇ ਲਿਜਾਣ ਦੇ ਪਟਿਆਲਾ ਮਾਡਲ ਨੂੰ ਪੂਰੇ ਪੰਜਾਬ ‘ਚ ਲਾਗੂ ਕੀਤਾ ਜਾਵੇਗਾ – ਡਾ. ਬਲਜੀਤ ਕੌਰ

54
0


ਪਟਿਆਲਾ, 27 ਜਨਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਭੀਖ ਮੰਗਦੇ ਬੱਚਿਆਂ ਨੂੰ ‘ਭਿੱਖਿਆ ਦੇ ਰਾਹ ਤੋਂ ਸਿੱਖਿਆ’ ਦੇ ਰਾਹ ‘ਤੇ ਲਿਜਾਣ ਦੇ ਪਟਿਆਲਾ ਮਾਡਲ ਨੂੰ ਪੂਰੇ ਪੰਜਾਬ ‘ਚ ਲਾਗੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਹਾਥ ਕਲਮ ਤੇ ਪਲੇਅ ਵੇਅਜ ਸਕੂਲ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਸਕੂਲ ਆਨ ਵੀਲ੍ਹ ‘ਚ ਪੜ੍ਹਦੇ ਬੱਚਿਆਂ ਨਾਲ ਮੁਲਾਕਾਤ ਕਰਨ ਮੌਕੇ ਕੀਤਾ।ਕੈਬਨਿਟ ਮੰਤਰੀ, ਇਸ ਦੌਰਾਨ ਮਾਤਾ ਖੀਵੀ ਬਿਰਧ ਘਰ ਵੀ ਗਏ, ਜਿੱਥੇ ਉਨ੍ਹਾਂ ਨੇ ਇੱਥੇ ਰਹਿ ਰਹੇ 28 ਦੇ ਕਰੀਬ ਬਜ਼ੁਰਗ ਮਰਦਾਂ ਤੇ ਔਰਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ-ਸੁੱਖ ਜਾਣਿਆ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸਦਾ ਨਾਲ ਖੜ੍ਹੇਗੀ।ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਨਾਉਣ ਲਈ ਸਮਾਜ ਦੇ ਹਰ ਵਰਗ ਨੂੰ ਨਾਲ ਲੈਕੇ ਚੱਲ ਰਹੀ ਹੈ, ਇਸ ਲਈ ਮਾਤਾ ਖੀਵੀ ਬਿਰਧ ਘਰ ਤੇ ਸਕੂਲ ਆਨ ਵੀਲ੍ਹ ਚਲਾਉਣ ਚਲਾਉਣ ਵਾਲੀਆਂ ਸੰਸਥਾਵਾਂ ਦਾ ਸਹਿਯੋਗ ਬਹੁਤ ਹੀ ਸ਼ਲਾਘਾਯੋਗ ਹੈ।ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਸਕੂਲ ਆਨ ਵੀਲ੍ਹ ਦੇ ਵਿਦਿਆਰਥੀ ਬੱਚਿਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਇਹ ਬੱਚੇ ਕਿਸੇ ਵੀ ਪਾਸੋਂ ਵਿਹੂਣੇ ਨਹੀਂ ਸਗੋਂ ਵਿਲੱਖਣ ਕਲਾ ਦੇ ਮਾਲਕ ਹਨ ਪਰੰਤੂ ਇਨ੍ਹਾਂ ਨੂੰ ਸਰਪ੍ਰਸਤੀ ਦੀ ਲੋੜ ਹੈ, ਜਿਹੜੀ ਕਿ ਸਕੂਲ ਆਨ ਵੀਲ ਇਨ੍ਹਾਂ ਨੂੰ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸਕੂਲ ‘ਚ ਕੰਮ ਕਰਦੇ ਵਲੰਟੀਅਰਾਂ ਕਮਲ, ਰਜਨੀ, ਕੰਵਰ, ਚਾਰੂ ਤੇ ਗੁਰਦੀਪ ਸਿੰਘ ਨਾਲ ਮੁਲਾਕਾਤ ਕਰਕੇ ਇਨ੍ਹਾਂ ਬੱਚਿਆਂ ਨੂੰ ਸਟੇਸ਼ਨਰੀ ਤੇ ਮਠਿਆਈਆਂ ਵੰਡੀਆਂ।ਡਾ. ਬਲਜੀਤ ਕੌਰ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ‘ਚ ਬਿਰਧ ਆਸ਼ਰਮ ਖੁੱਲ੍ਹਣ, ਕਿਉਂਕਿ ਸਾਡੇ ਸੰਸਕਾਰ ਸਾਨੂੰ ਆਪਣੇ ਬਜੁਰਗਾਂ ਦੀ ਸੇਵਾ ਸੰਭਾਲ ਕਰਨਾ ਸਿਖਾਉਂਦੇ ਹਨ ਪਰੰਤੂ ਫਿਰ ਵੀ ਜਿਸ ਤਰ੍ਹਾਂ ਮਾਤਾ ਖੀਵੀ ਬਿਰਧ ਘਰ ਹਰਭਜਨ ਸਿੰਘ ਤੇ ਮੈਨੇਜਰ ਗੁਰਬਖ਼ਸ਼ ਸਿੰਘ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਇੱਥੇ ਬਜ਼ੁਰਗਾਂ ਦੀ ਸੇਵਾ ਹੋ ਰਹੀ ਹੈ, ਇਹ ਮਾਡਲ ਵੀ ਪੰਜਾਬ ਸਰਕਾਰ ਆਪਣੇ ਸਰਕਾਰੀ ਬਿਰਧ ਆਸ਼ਰਮਾਂ ਵਿੱਚ ਅਪਣਾਏਗੀ। ਉਨ੍ਹਾਂ ਨੇ ਇੱਥੇ ਬਜ਼ੁਰਗਾਂ ਨੂੰ ਫਲ ਤੇ ਗਰਮ ਕੱਪੜੇ ਵੀ ਵੰਡੇ।ਇਸ ਤੋਂ ਪਹਿਲਾਂ ਸਰਕਟ ਹਾਊਸ ਵਿਖੇ ਕੌਮੀ ਧੀ ਦਿਵਸ ਦੇ ਸਬੰਧ ਵਿੱਚ ਪਟਿਆਲਾ ਦੀਆਂ ਖੇਡਾਂ ‘ਚ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੀਆਂ ਧੀਆਂ, ਆਰਚਰੀ ਦੀ ਕੌਮਾਂਤਰੀ ਖਿਡਾਰਨ ਹਰਮਿਲਨ ਕੌਰ ਤੇ ਹਾਕੀ ਦੀ ਕੌਮਾਂਤਰੀ ਖਿਡਾਰਨ ਪਰਨੀਤ ਕੌਰ ਸਮੇਤ ਸਵੈ ਸਹਾਇਤਾ ਗਰੁੱਪ ਪਟਿਆਲਾ ਕਿੰਗ ਚਲਾ ਰਹੀ ਹਰਪ੍ਰੀਤ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿਵਾਉਣ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਇਹ ਬੱਚੀਆਂ ਪਟਿਆਲਾ ਹੀ ਨਹੀਂ ਬਲਕਿ ਪੰਜਾਬ ਦਾ ਮਾਣ ਹਨ, ਇਸ ਲਈ ਪੰਜਾਬ ਸਰਕਾਰ ਇਨ੍ਹਾਂ ਦੀ ਪਿੱਠ ‘ਤੇ ਖੜ੍ਹੀ ਹੈ।ਇਸ ਮੌਕੇ ਡਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ,ਆਈ.ਜੀ. ਮੁਖਵਿੰਦਰ ਸਿੰਘ ਛੀਨਾ,ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ,ਐਸ.ਐਸ.ਪੀ. ਵਰੁਣ ਸ਼ਰਮਾ,ਏ.ਡੀ.ਸੀਜ਼ ਗੌਤਮ ਜੈਨ,ਗੁਰਪ੍ਰੀਤ ਸਿੰਘ ਥਿੰਦ,ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ,ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ,ਐਸ.ਪੀ. ਸਰਫ਼ਰਾਜ ਆਲਮ ਤੇ ਹਰਵੰਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਤੇ ਹੋਰ ਪਤਵੰਤੇ ਮੌਜੂਦ ਸਨ।

LEAVE A REPLY

Please enter your comment!
Please enter your name here