ਮਾਲੇਰਕੋਟਲਾ 28 ਜਨਵਰੀ ( ਵਿਕਾਸ ਮਠਾੜੂ, ਧਰਮਿੰਦਰ) -13ਵਾਂ ਰਾਸ਼ਟਰੀ ਵੋਟਰ ਦਿਵਸ “ ਨਥਿੰਗ ਲਾਇਕ ਵੋਟਿੰਗ, ਆਈ ਵੋਟ ਫ਼ਾਰ ਸ਼ੋਅਰ “ ਦੇ ਸਲੋਗਨ ਹੇਠ ਸਬ ਡਵੀਜ਼ਨ ਪੱਧਰ ਤੇ ਸਰਕਾਰੀ ਹਾਈ ਸਕੂਲ ਜਮਾਲਪੁਰਾ ਵਿਖੇ ਮਨਾਇਆ ਗਿਆ। ਚੋਣਕਾਰ ਰਜਿਸਟਰੇਸ਼ਨ ਅਫ਼ਸਰ,ਵਿਧਾਨ ਸਭਾ ਹਲਕਾ—105, ਮਾਲੇਰਕੋਟਲਾ ਐਸ.ਡੀ.ਐਮ. ਮਾਲੇਰਕੋਟਲਾ ਕਰਨਦੀਪ ਸਿੰਘ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਸ ਨੂੰ ਸਫਲ ਬਣਾਉਣ ਵਿਚ ਵੋਟਰਾਂ ਦੀ ਭੂਮਿਕਾ ਅਹਿਮ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਵਿਚ ਸਾਡੀ ਸਾਰਿਆਂ ਦੀ ਹਿੱਸੇਦਾਰੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਬਿਨਾਂ ਕਿਸੇ ਲਾਲਚ ਵਿਚ ਆਏ ਆਪਣੇ ਬੁੱਧੀ ਵਿਵੇਕ ਦੇ ਆਧਾਰ ’ਤੇ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ । ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਦੇ ਨਾਲ-ਨਾਲ ਦੂਜਿਆਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਅਧਿਕਾਰ ਹੈ। ਉਨ੍ਹਾਂ ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਵੋਟ ਅਤੇ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ।ਉਨ੍ਹਾਂ ਕਿਹਾ ਕਿ ਵੋਟਰ ਬਣਨਾ, ਵੋਟ ਪਾਉਣਾ ਸਾਡਾ ਫ਼ਰਜ਼ ਵੀ ਹੈ ਅਤੇ ਅਧਿਕਾਰ ਵੀ।ਉਹਨਾਂ ਨੇ ਸਕਾਰਆਤਮਕ ਸੋਚ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ।ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਵੋਟ ਨੂੰ ਬਿਨਾਂ ਕਿਸੇ ਲਾਲਚ ਤੋਂ ਇਸਤੇਮਾਲ ਕਰਨ ਸਬੰਧੀ ਇੱਕ ਪਲੇਅ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਈ.ਆਰ.ਓ ਵੱਲੋਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਵਚਨਬੱਧ ਕੀਤਾ । ਇਸ ਮੌਕੇ ਉਨ੍ਹਾਂ ਪ੍ਰੋਗਰਾਮ ਪੇਸ਼ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ।
