ਅੰਮ੍ਰਿਤਸਰ, 15 ਅਕਤੂਬਰ (ਵਿਕਾਸ ਮਠਾੜੂ) : ਸਪੈਸ਼ਲ ਟਾਸਕ ਫੋਰਸ ਨੇ ਸ਼ਨਿਚਰਵਾਰ ਦੇਰ ਰਾਤ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਸੂਬੇ ਭਰ ‘ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਢਾਈ ਕਿੱਲੋ ਹੈਰੋਇਨ ਬਰਾਮਦ ਕਰ ਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਇਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਇਹ ਖੁਲਾਸਾ ਹੋਇਆ ਹੈ ਕਿ 2.5 ਕਿਲੋ ਹੈਰੋਇਨ ਦੀ ਉਕਤ ਖੇਪ ਕੁਝ ਦਿਨ ਪਹਿਲਾਂ ਮੁਲਜ਼ਮਾਂ ਵੱਲੋਂ ਪਾਕਿਸਤਾਨੀ ਸਮੱਗਲਰਾਂ ਰਾਹੀਂ ਡਰੋਨ ਰਾਹੀਂ ਲਿਆਂਦੀ ਗਈ ਸੀ। ਐਸਟੀਐਫ ਦੀ ਟੀਮ ਮੁਲਜ਼ਮਾਂ ਦੇ ਪਿੰਡਾਂ ‘ਚ ਛਾਪੇਮਾਰੀ ਕਰ ਰਹੀ ਹੈ।ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਲਵਜੀਤ ਸਿੰਘ, ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਅਟੱਲਗੜ੍ਹ, ਨਿਸ਼ਾਨ ਸਿੰਘ ਉਰਫ਼ ਬਾਊ ਵਾਸੀ ਪਿੰਡ ਕਾਉਂਕੇ ਵਜੋਂ ਕੀਤੀ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਪਿੰਡ ਡਾਂਡੇ ਨੇੜਿਓਂ ਕਾਬੂ ਕੀਤਾ ਹੈ, ਜਦੋਂ ਮੁਲਜ਼ਮ ਢਾਈ ਕਿਲੋ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ। ਫਿਲਹਾਲ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ, ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।