ਫ਼ਿਰੋਜ਼ਪੁਰ (ਬੋਬੀ ਸਹਿਜਲ)ਖ਼ਰੀਦ ਕੇਂਦਰ ਝੋਕ ਹਰੀਹਰ ਵਿਖੇ ਕਰੀਬ 15 ਦਿਨਾ ਤੋ ਕਣਕ ਦੀ ਢੋਆ ਢੁਆਈ ਨਾ ਹੋਣ ਕਰਕੇ ਆੜ੍ਹਤੀ ਅਤੇ ਮਜਦੂਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਠੇਕੇਦਾਰ ਤੱਕ ਵਾਰ ਵਾਰ ਪਹੁੰਚ ਕਰਨ ਦੇ ਬਾਵਜੂਦ ਪ੍ਰਸ਼ਾਸ਼ਨ ਵੱਲੋ ਕੋਈ ਸੁਣਵਾਈ ਨਾ ਹੋਈ ਤਾ ਦੁਖੀ ਹੋਏ ਮਜ਼ਦੂਰਾਂ ਅਤੇ ਆੜਤੀਆਂ ਨੂੰ ਮਜ਼ਬੂਰਨ ਫਿਰੋਜ਼ਪੁਰ ਸ੍ਰੀ ਮੁਕਤਸਰ ਸੜਕ ਤੇ ਫਿੱਡਾ ਆਉਟਫਾਲ ਡਰੇਨ ਦੇ ਪੁਲ ਤੇ ਧਰਨਾ ਲਗਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਮਲਕੀਤ ਸਿੰਘ ਸਰਪੰਚ ਝੋਕ ਹਰੀ ਹਰ, ਬੇਅੰਤ ਸਿੰਘ,ਰਜੇਸ਼ ਕੁਮਾਰ ਗੋਪੀ ਰਾਮ, ਮੋਹਿਤ ਗੋਇਲ, ਮਨਪੀ੍ਤ ਸਿੰਘ, ਰੇਸ਼ਮ ਸਿੰਘ, ਆਦਿ ਆੜ੍ਹਤੀ ਹਾਜ਼ਰ ਸਨ। ਆੜ੍ਹਤੀ ਰਜੇਸ਼ ਕੁਮਾਰ ਨੇ ਦੱਸਿਆ ਕਿ ਝੋਕ ਹਰੀ ਹਰ ਦੀ ਦਾਣਾ ਮੰਡੀ ਵਿਚ ਇੱਕ ਲੱਖ 45 ਹਜ਼ਾਰ ਗੱਟੇ ਦੀ ਖਰੀਦ ਮਾਰਕਫੈੱਡ ਅਤੇ ਪਨਸਪ ਵੱਲੋ ਕੀਤੀ ਜਾਂਦੀ ਹੈ ਪਰ ਅਜੇ ਤੱਕ ਸਿਰਫ 15 ਹਜ਼ਾਰ ਗੱਟੇ ਦੀ ਹੀ ਲਿਫਟਿੰਗ ਹੋਈ ਹੈ। ਕਣਕ ਨੂੰ ਚੁੱਕਣ ਲਈ ਟਰੱਕ ਡਰਾਇਵਰਾਂ ਵੱਲੋਂ ਡੇਢ ਰੁਪਏ ਪ੍ਰਤੀ ਗੱਟੇ ਦੇ ਹਿਸਾਬ ਨਾਲ ਡਾਲੇ ਦੀ ਮੰਗ ਕੀਤੀ ਅਤੇ ਸਾਡੇ ਵੱਲੋਂ ਇਹ ਪੈਸੇ ਦੇਣ ਦੇ ਬਾਵਜੂਦ ਵੀ ਲਿਫਟਿੰਗ ਨਹੀ ਹੋ ਰਹੀ। ਰਾਤ ਸਮੇਂ ਵੱਡੀ ਗਿਣਤੀ ਵਿਚ ਕਣਕ ਚੋਰੀ ਹੋ ਰਹੀ ਤੇ ਰੱਖਵਾਲਿਆਂ ਦੀ ਜਾਨ ਨੂੰ ਖਤਰਾ ਬਣਇਆ ਹੋਇਆ ਹੈ।ਉਧਰ ਮਜ਼ਦੂਰ (ਪੱਲੇਦਾਰਾਂ) ਦੇ ਚਿਹਰੇ ਮੁਰਝਾਏ ਹੋਏ ਦਿਖਾਈ ਦੇ ਰਹੇ ਸਨ। ਉਨਾਂ੍ਹ ਕਿਹਾ ਕਿ ਅਸੀ ਜੋ ਦਿਹਾੜੀ ਲਗਾਕੇ ਪੈਸਾ ਕਮਾਇਆ ਹੈ ਉਹ ਹੁਣ ਅਸੀ ਵਿਹਲੇ ਬੈਠਕੇ ਮੰਡੀਆਂ ਵਿਚ ਖਾ ਰਹੇ ਹਾਂ ਅਤੇ ਸਾਨੂੰ ਰਾਤਾਂ ਨੂੰ ਜਾਗਣਾ ਪੈਂਦਾ ਹੈ। ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋ ਲਗਾਏ ਗਏ ਧਰਨੇ ਦੌਰਾਨ ਰਾਹਗੀਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਭਾਵੇਂ ਧਰਨਾਕਾਰੀਆਂ ਵੱਲੋ ਮਰੀਜ਼ਾਂ ਨੂੰ ਅਪਣੀਆਂ ਗੱਡੀਆਂ ਤੇ ਸਬੰਧਤ ਥਾਵਾਂ ਛੱਡਿਆ ਗਿਆ, ਪਰ ਉਥੇ ਆਮ ਰਾਹਗੀਰਾਂ ਨੂੰ 4 ਘੰਟੇ ਤਕ ਕਾਫੀ ਪੇ੍ਸ਼ਾਨ ਹੋਣਾ ਪਿਆ। ਆੜ੍ਹਤੀ ਮੋਹਿਤ ਗੋਇਲ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਕਰਕੇ ਸਾਡੀ 50 ਗੱਟੇ ਕਣਕ ਚੋਰੀ ਹੋ ਗਈ ਚੋਰ ਰਾਤ ਸਮੇਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਹਨ ਜਿਥੇ ਇਹ ਕਣਕ ਚੋਰੀ ਕਰਦੇ ਹਨ ਉਥੇ ਕਿਸੇ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ। ਮੌਕੇ ‘ਤੇ ਥਾਣਾ ਕੁੱਲਗੜ੍ਹੀ ਦੇ ਸਬ ਇੰਪੈਕਟਰ ਸਵਰਨ ਸਿੰਘ ਸਾਥੀਆਂ ਸਮੇਤ ਪੁੰਹਚੇ ਪਰ ਧਰਨਾ ਚੁਕਵਾਉਣ ਵਿਚ ਕਾਮਯਾਬ ਨਹੀ ਹੋ ਸਕੇ, ਪਰ ਆਖਿਰ ਸੁਖਵੀਰ ਕੌਰ ਤਹਿਸੀਦਾਰ ਫਿਰੋਜ਼ਪੁਰ ਵੱਲੋਂ ਧਰਨਕਾਰੀਆ ਨੂੰ ਸਝਾਉਣ ਦੀ ਕੋਸ਼ਿਸ ਕੀਤੀ ਗਈ, ਪਰ ਧਰਨਕਾਰੀਆਂ ਦਾ ਗੁੱਸਾ ਹੋਰ ਵਧਦਾ ਦਿਖਾਈ ਦਿੰਦਾ ਰਿਹਾ। ਉਥੇ ਸੁਖਦੇਵ ਸਿੰਘ ਬਸਤੀ ਨੇਕਾਂ ਵਾਲੀ ਨੇ ਦੱਸਿਆ ਹਰ ਪਾਸੇ ਲਿਫਟਿੰਗ ਦਾ ਬੁਰਾ ਹਾਲ ਹੈ। ਫੁੱਤੂ ਵਾਲਾ ਦਾਣਾ ਮੰਡੀ ਵਿਚ ਕੋਈ ਲਿਫਟਿੰਗ ਨਹੀ ਹੋਈ ਸਰਕਾਰ ਵੱਲੋਂ ਕਣਕ ਚੁੱਕਣ ਦੀ ਬਜਾਏ ਚੋਰ ਕਣਕ ਚੁੱਕਣ ਵਿਚ ਫੁਰਤੀ ਦਿਖਾ ਰਹੇ ਹਨ। ਇਨਾਂ੍ਹ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਦਾ ਹੱਲ ਛੇਤੀ ਨਾ ਕੀਤਾ ਤਾਂ ਮੋਸਮ ਖਰਾਬ ਹੋਣ ਤੇ ਨੁਕਸਾਨ ਦੀ ਜ਼ੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਬੰਧੀ ਤਹਿਸੀਲਦਾਰ ਸੁਖਵੀਰ ਕੌਰ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਵਿਭਾਗ ਦੇ ਕਰਮਚਾਰੀਆਂ ਨੂੰ ਬੁਲਾਇਆ ਜਾ ਰਿਹਾ ਹੈ, ਇਸ ਮਸਲੇ ਦਾ ਛੇਤੀ ਹੱਲ ਕਰਵਾ ਕੇ ਢੋਆ ਢੁਆਈ ਜਲਦੀ ਸ਼ੁਰੂ ਕਰਵਾ ਦਿੱਤੀ ਜਾਵੇਗੀ।