Home ਸਭਿਆਚਾਰ ਪਟਿਆਲਾ ਦਾ ਪਲੇਠਾ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫ਼ੌਜੀ ਸ਼ਾਨੌ ਸੌਕਤ ਨਾਲ ਸ਼ੁਰੂ

ਪਟਿਆਲਾ ਦਾ ਪਲੇਠਾ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫ਼ੌਜੀ ਸ਼ਾਨੌ ਸੌਕਤ ਨਾਲ ਸ਼ੁਰੂ

47
0

    ਪਟਿਆਲਾ(ਭਗਵਾਨ ਭੰਗੂ- ਲਿਕੇਸ ਸ਼ਰਮਾ )-ਸ਼ਹੀਦ ਭਗਤ ਸਿੰਘ ਇੱਕ ਹੀਰੋ,1947 ਦੀ ਜੰਗ ਵਿੱਚ ਪਟਿਆਲਾ ਰਿਆਸਤੀ ਫ਼ੌਜ ਦਾ ਯੋਗਦਾਨ ਅਤੇ ਪਾਕਿਸਤਾਨ-ਚੀਨ-ਯੂਕਰੇਨ ਜੰਗ ਤੇ ਭਾਰਤ ਬਾਰੇ ਫ਼ੌਜੀ ਮਾਹਰਾਂ ਦੀ ਪੈਨਲ ਚਰਚਾ ਪਟਿਆਲਾ ਦਾ ਪਲੇਠਾ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫ਼ੌਜੀ ਸ਼ਾਨੌ ਸੌਕਤ ਨਾਲ ਇੱਥੇ ਖ਼ਾਲਸਾ ਕਾਲਜ ਵਿਖੇ ਆਰੰਭ ਹੋ ਗਿਆ।ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਫ਼ੌਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਾਂ ਦੇ ਚੁੰਗਲ ਵਿੱਚੋਂ ਕੱਢਣ ਲਈ ਅਜਿਹੇ ਮਿਲਟਰੀ ਲਿਟਰੇਚਰ ਫੈਸਟੀਵਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਤੇ ਯੂਨੀਵਰਸਿਟੀਆਂ ਦੇ ਪੱਧਰ ਉਤੇ ਕਰਵਾਏਗੀ। 

ਡਾ. ਬਲਬੀਰ ਸਿੰਘ ਨੇ ਜਨਰਲ ਮਾਨਿਕ ਸ਼ਾਹ, ਜਨਰਲ ਹਰਬਖ਼ਸ਼ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਰਗੇ ਕਈ ਫ਼ੌਜੀ ਜਰਨੈਲਾਂ ਦਾ ਜ਼ਿਕਰ ਕਰਦਿਆਂ ਮਿਲਟਰੀ ਦੀਆਂ ਵੀਰ ਗਾਥਾਵਾਂ ਤੇ ਮਿਲਟਰੀ ਦੇ ਮਾਣਮੱਤੇ ਇਤਿਹਾਸ ਤੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਿਹੇ ਮਿਲਟਰੀ ਲਿਟਰੇਚਰ ਫੈਸਟੀਵਲ ਜ਼ਿਲ੍ਹਿਆਂ ਵਿੱਚ ਕਰਵਾਉਣ ਦੇ ਐਲਾਨ ਤਹਿਤ ਪਟਿਆਲਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਨਿਵੇਕਲੀ ਪਹਿਲਕਦਮੀ ਕੀਤੀ ਹੈ। 

ਸਿਹਤ ਮੰਤਰੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਅਤੇ ਭਾਰਤੀ ਫ਼ੌਜ ਤੋਂ ਪੰਜਾਬੀ ਨੌਜ਼ਵਾਨਾਂ ਨੂੰ ਨਸ਼ਾ ਮੁਕਤ ਕਰਨ ਅਤੇ ਪੰਜਾਬ ਦੀ ਭਾਰਤੀ ਫ਼ੌਜ ਵਿੱਚ ਜਾਣ ਦੀ ਵਿਰਾਸਤ ਨੂੰ ਹੋਰ ਅੱਗੇ ਤੋਰਨ ਲਈ ਸਹਿਯੋਗ ਦੀ ਮੰਗ ਵੀ ਕੀਤੀ। 

ਪਿਛਲੇ 5 ਸਾਲਾਂ ਵਿੱਚ ਸਾਡੇ 98 ਪੰਜਾਬੀ ਫ਼ੌਜੀ ਨੌਜਵਾਨਾਂ ਦੀ ਜੰਮੂ ਕਸ਼ਮੀਰ ਵਿੱਚ ਹੋਈ ਸ਼ਹਾਦਤ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੜਾਈਆਂ ਕੇਵਲ ਯੁੱਧ ਦੇ ਮੈਦਾਨ ਵਿੱਚ ਹੀ ਨਹੀਂ ਹੁੰਦੀਆਂ ਬਲਕਿ ਸਾਡੇ ਦੁਸ਼ਮਣ ਮੁਲਕਾਂ ਦੀਆਂ ਕੂਟਨੀਤੀਆਂ ਕਰਕੇ ਦੇਸ਼ ਵਿਰੋਧੀ ਤਾਕਤਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੇ ਹੋਰ ਸਮਾਜਿਕ ਬੁਰਾਈਆਂ ਵੱਲ ਵੀ ਧੱਕਦੀਆਂ ਹਨ, ਜਿਸ ਲਈ ਪੰਜਾਬ ਸਰਕਾਰ ਰਾਜ ਦੇ ਨਸ਼‌ਿਆਂ ਦੀ ਲਤ ਲਗਾ ਚੁੱਕੇ 3 ਲੱਖ ਨੌਜਵਾਨਾਂ ਨੂੰ ਬਚਾਉਣ ਲਈ ਜੀਅ-ਜਾਨ ਨਾਲ ਤਤਪਰ ਹੈ।

ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਫੈਸਟੀਵਲ ਨੂੰ ਜ਼ਿਲ੍ਹਿਆਂ ਵਿੱਚ ਕਰਵਾਉਣ ਦੇ ਫੈਸਲੇ ਤਹਿਤ ਇਸ ਸਾਲ ਅੰਮ੍ਰਿਤਸਰ, ਜਲੰਧਰ, ਬਠਿੰਡਾ ਤੇ ਫ਼ਿਰੋਜ਼ਪੁਰ ਵਿਖੇ ਵੀ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਏ ਜਾਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਵਿੱਚ ਜਾ ਕੇ ਜਿੰਦਗੀ ਦੇ ਅਸਲ ਹੀਰੋ ਬਨਣ ਲਈ ਵੀ ਪ੍ਰੇਰਤ ਕੀਤਾ। 

ਭਾਰਤੀ ਫ਼ੌਜ ਦੀ ਪਟਿਆਲਾ ਸਥਿਤ ਬਲੈਕ ਐਲੀਫੈਂਟ ਡਿਵੀਜਨ ਦੇ ਕਮਾਂਡਰ ਮੇਜਰ ਜਨਰਲ ਪੁਨੀਤ ਅਹੂਜਾ ਨੇ ਕਿਹਾ ਕਿ ਇਸ ਮਿਲਟਰੀ ਲਿਟਰੇਚਰ ਵਿਚ ਫੌਜੀ ਵੈਟਰਨ ਦੀ ਮੌਜੂਦਗੀ ਅਤੇ ਨੌਜ਼ਵਾਨਾਂ ਦੀ ਭਰਵੀਂ ਸ਼ਮੂਲੀਅਤ ਨੇ ਇਸ ਨੂੰ ਸ਼ਾਨਦਾਰ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜੀ ਇਤਿਹਾਸ ਦੇ ਸੰਦਰਭ ਵਿੱਚ ਪਟਿਆਲਾ ਇੱਕ ਖਾਸ ਸਥਾਨ ਰੱਖਦਾ ਹੈ, ਇਸ ਲਈ ਅਜਿਹੇ ਸਮਾਗਮਾਂ ਲਈ ਫ਼ੌਜ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here