ਸਾਦਿਕ (ਬੋਬੀ ਸਹਿਜਲ) ਸਾਦਿਕ ਨੇੜੇ ਪਿੰਡ ਦੀਪ ਸਿੰਘ ਵਾਲਾ ਵਿਖੇ ਆਪਣੇ ਸਮਰਥਕ ਦੇ ਘਰ ਅਫਸੋਸ ਪ੍ਰਗਟ ਕਰਨ ਆਏ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੇਂਡੂ ਮਜਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਤੇ ਕਾਰਕੁੰਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਥੇਬੰਦੀਆਂ ਦੇ ਝੰਡੇ ਲੈ ਕੇ ਨੌਜਵਾਨ ਖੜ੍ਹੇ ਸਨ ਤੇ ਉਸ ਤੋਂ ਪਹਿਲਾਂ ਥਾਣਾ ਸਾਦਿਕ ਦੇ ਮੁੱਖ ਅਫਸਰ ਮੁਖਤਿਆਰ ਸਿੰਘ ਨੇ ਉਨਾਂ ਦੀਆਂ ਮੰਗਾਂ ਨੂੰ ਸੁਣਿਆ ਤੇ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਬਾਦਲ ਦੀ ਮਾਨਯੋਗ ਅਦਾਲਤ ਫਰੀਦਕੋਟ ਵਿਖੇ ਪੇਸ਼ੀ ਸੀ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਵੀ ਕਿਸੇ ਮਾਮਲੇ ਵਿੱਚ ਕਚਿਹਰੀ ਆਏ ਹੋਏ ਸਨ ਜਿਸ ਦੌਰਾਨ ਜ਼ਿਲ੍ਹਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਤੇ ਨਗਿੰਦਰ ਸਿੰਘ ਨੂੰ ਫਰੀਦਕੋਟ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਜਿਸ ਨੂੰ ਲੈ ਕੇ ਦੋਹਾਂ ਜਥੇਬੰਦੀਆਂ ਵਿੱਚ ਰੋਸ ਪੈਦਾ ਹੋ ਗਿਆ ਤੇ ਉਹ ਆਪਣਾ ਰੋਸ ਪ੍ਰਗਟ ਕਰਨ ਤੇ ਸੁਖਬੀਰ ਸਿੰਘ ਬਾਦਲ ਤੋਂ ਚਿੱਟੇ ਅਤੇ ਬੇਅਦਬੀ ਮਾਮਲੇ ਨਾਲ ਸਬੰਧਤ ਕੁਝ ਸਵਾਲ ਪੁੱਛਣ ਲਈ ਇਕੱਤਰ ਹੋਏ।ਇਸੇ ਦੌਰਾਨ ਜਦ ਵਿਰੋਧ ਸ਼ੁਰੂ ਹੋਇਆ ਤਾਂ ਪੁਲਿਸ ਅਤੇ ਅਕਾਲੀਦਲ ਦੇ ਸਮਰਥਕ ਦੱਸੇ ਜਾਂਦੇ ਕੁੱਝ ਲੋਕਾਂ ਵੱਲੋਂ ਜਥੇਬੰਦੀ ਦੇ ਆਗੂਆਂ ਦੀ ਕੁੱਟਮਾਰ ਕੀਤੀ ਗਈ। ਜਿਸ ਦੀ ਵੀਡੀਓ ਵਾਇਰਲ ਵੀ ਹੋਈ।