ਜੈਤੋ (ਰਾਜੇਸ ਜੈਨ) ਕੈਨੇਡਾ ਵਿਚ ਵਿਦਿਆਰਥੀ ਵੀਜ਼ਾ ‘ਤੇ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਸਮੇਤ ਵਿਜ਼ਿਟਰ ਤੇ ਸੁਪਰ ਵੀਜ਼ਾ ਲੈ ਕੇ ਆਉਣ ਵਾਲੇ ਲੋਕਾਂ ਨੂੰ ਬੀਮੇ (ਇੰਸ਼ੋਰੈਂਸ ਪਾਲਸੀ) ਦੀ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹ ਜਾਣਕਾਰੀ ਸਾਬਕਾ ਖੇਤੀਬਾੜੀ ਅਫ਼ਸਰ ਤੇ ਬੀਮਾ ਸਲਾਹਕਾਰ ਟਹਿਲ ਸਿੰਘ ਬਰਾੜ ਕੈਨੇਡਾ ਨੇ ਲੋਕ ਹਿੱਤ ਵਿਚ ਵੀਡੀਓ ਜਾਰੀ ਕਰ ਕੇ ਦਿੱਤੀ। ਵਿਦਿਆਰਥੀਆਂ ਦਾ ਬੀਮਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਉਸ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਤੇ ਕੋਈ ਦੁਰਘਟਨਾ ਹੋਣ ‘ਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਆਪਣੀ ਈ-ਮੇਲ ਤੇ ਬੀਮੇ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਆਏ ਵਿਦਿਆਰਥੀਆਂ ਨਾਲ ਕਾਫ਼ੀ ਵਾਰ ਹਾਦਸੇ ਵਾਪਰ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਇਲਾਜ ਕਰਵਾਉਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਟਹਿਲ ਸਿੰਘ ਬਰਾੜ ਕੈਨੇਡਾ ਨੇ ਦੱਸਿਆ ਕਿ ਵਿਜ਼ਿਟਰ ਤੇ ਸੁਪਰ ਵੀਜ਼ਾ ਲੈਣ ਵਾਲੇ ਲੋਕਾਂ ਨੂੰ ਬੀਮਾ ਕਰਵਾਉਣ ਦੇ ਬਾਵਜੂਦ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਸਿਹਤ ਸੇਵਾਵਾਂ ਕਾਫ਼ੀ ਮਹਿੰਗੀਆਂ ਹਨ। ਇਸ ਲਈ ਸਾਨੂੰ ਬੀਮਾ ਜ਼ਰੂਰ ਕਰਵਾਉਣਾ ਚਾਹੀਦਾ ਹੈ ਤੇ ਹਸਪਤਾਲ ਵਿਚ ਇਲਾਜ ਕਰਵਾਉਣ ਤੋਂ ਪਹਿਲਾਂ ਬੀਮਾ ਕੰਪਨੀ ਨੂੰ ਸੂਚਨਾ ਜ਼ਰੂਰ ਦੇਣੀ ਚਾਹੀਦੀ ਹੈ।