ਜੈਤੋ (ਵਿਕਾਸ ਮਠਾੜੂ) ਦੇਸ਼ ਦੇ ਲੋਕਾਂ ਨੂੰ ਧਰਮ ਸੰਕਟ ‘ਚੋਂ ਕੱਢਣ ਤੇ ਦੇਸ਼ ਦਾ ਸਰਬਪੱਖੀ ਵਿਕਾਸ ਕਰਵਾਉਣ ਵਾਸਤੇ ਭਾਜਪਾ ਨੂੰ ਸੱਤਾ ‘ਚੋਂ ਬਾਹਰ ਕੱਢਣਾ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਐੱਮਪੀ ਮੁਹੰਮਦ ਸਦੀਕ ਨੇ ਕੀਤਾ। ਮੁਹੰਮਦ ਸਦੀਕ ਨੇ ਆਖਿਆ ਕਿਹਾ ਕਿ ਭਾਜਪਾ ਦੀ ਨੀਤੀ ਹਮੇਸ਼ਾ ਧਰਮ ਦੇ ਨਾਂ ‘ਤੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਸੱਤਾ ਹਾਸਲ ਕਰਨ ਦੀ ਰਹੀ ਹੈ। ਜਦੋਂ ਦੇਸ਼ ਦੀ ਆਰਥਿਕਤਾ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਮਜ਼ਬੂਤ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਲਾਭ ਪਹੁੰਚਾਉਣ ਵਾਸਤੇ ਉਨ੍ਹਾਂ ਦੇ ਮੋਟੇ-ਮੋਟੇ ਕਰਜ਼ੇ ਮਾਫ਼ ਕਰ ਦਿੱਤੇ। ਦੇਸ਼ ਦੇ ਲੋਕਾਂ ਪੰਦਰਾਂ-ਪੰਦਰਾਂ ਲੱਖ ਖਾਤਿਆਂ ‘ਚ ਆਉਣ ਅਤੇ ਕਾਲਾ ਧਨ ਵਾਪਸ ਲਿਆਉਣ ਦੀਆਂ ਗੱਲਾਂ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ। ਮੇਕ ਇਨ ਇੰਡੀਆ ਦੀ ਗੱਲ ਕਰ ਕੇ ਵਿਦੇਸ਼ੀ ਕੰਪਨੀਆਂ ਨਾਲ ਸਮਝੌਤੇ ਕੀਤੇ, ਏਅਰ ਇੰਡੀਆ, ਭਾਰਤ ਪੈਟਰੋਲੀਅਮ, ਐੱਲਆਈਸੀ ਅਤੇ ਹੋਰ ਅਨੇਕਾਂ ਕੰਪਨੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਆਪਣੇ ਮਿੱਤਰਾਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਸਿੱਧੇ ਅਸਿੱਧੇ ਤੌਰ ‘ਤੇ ਵੇਚ ਕੇ ਦੇਸ਼ ਨੂੰ ਵੱਡੇ ਆਰਥਿਕ ਸੰਕਟ ਵਿੱਚ ਸੁੱਟ ਦਿੱਤਾ ਹੈ।