Home Religion ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਨੂੰ ਹਰੇਕ ਧਰਮ ਅਤੇ ਵਰਗ ਦਾ...

ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਨੂੰ ਹਰੇਕ ਧਰਮ ਅਤੇ ਵਰਗ ਦਾ ਸਹਿਯੋਗ ਮਿਲਣ ਲੱਗਾ

107
0

ਬੰਦੀ ਸਿੰਘਾਂ ਦੀ ਰਿਹਾਈ ਇਕੱਲੇ ਸਿੱਖਾਂ ਦਾ ਮੁੱਦਾ ਨਹੀਂ ਸਗੋਂ ਮਨੁੱਖਤਾ ਅਤੇ ਇਨਸਾਨੀਅਤ ਦਾ ਮੁੱਦਾ : ਬੀਬੀ ਜਸਵਿੰਦਰ ਕੌਰ ਸੋਹਲ

ਮਾਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਅਤੇ ਮੁਸਲਮਾਨ ਵੀਰਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ 

ਮਾਲੇਰਕੋਟਲਾ, 10 ਅਕਤੂਬਰ ( ਵਿਕਾਸ ਮਠਾੜੂ )-ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਸਮੇਂ ਤੋਂ ਬਾਅਦ ਵੀ ਸਜ਼ਾ ਕੱਟ ਰਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਹੁਣ ਹੋਰ ਫ਼ਿਰਕਿਆਂ ਅਤੇ ਵਰਗਾਂ ਤੋਂ ਵੀ ਸਹਿਯੋਗ ਮਿਲਣ ਲੱਗਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਮਨੁੱਖਤਾ ਦਾ ਘਾਣ ਕਰਨ ਵਾਲੀ ਨੀਂਦ ਤੋਂ ਜਗਾਉਣ ਲਈ ਅੱਜ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਵਿੱਚ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਹਿਊਮਨ ਰਾਈਟਸ ਹੈਲਪ ਲਾਈਨ ਦੇ ਸੂਬਾ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਿਰਫ ਸਿੱਖਾਂ ਦਾ ਨਿੱਜੀ ਮੁੱਦਾ ਨਹੀਂ ਹੈ, ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਸਿੱਖਾਂ ਦੀ ਤਰ੍ਹਾਂ ਅੱਜ ਕਈ ਮੁਸਲਿਮ ਵੀਰ ਵੀ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਅਣਐਲਾਨੀ ਸਜ਼ਾ ਭੁਗਤ ਰਹੇ ਹਨ। ਇਹ ਸਭ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤ ਅਤੇ ਮਨੁੱਖਤਾ ਦੇ ਘਾਣ ਕਰਨ ਵਾਲੀ ਸੋਚ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਦੇ ਜਬਰ ਜੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਹੱਕ ‘ਚ ਮੁਸਲਿਮ ਜਥੇਬੰਦੀਆਂ ਤੇ ਸਮੁਚੇ ਮੁਸਲਿਮ ਸਮਾਜ ਦੇ ਲੋਕ ਵੀ ਨਾਲ ਤੁਰਨ ਲੱਗੇ ਹਨ ਜੋ ਕਿ ਮਨੁੱਖਤਾ ਦੇ ਪੱਖ ਤੋਂ ਚੰਗੀ ਸ਼ੁਰੂਆਤ ਹੈ। ਸਾਨੂੰ ਸਾਰਿਆਂ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਧਰਮ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਅੱਜ ਸਭ ਨੂੰ ਇੱਕ ਆਵਾਜ਼ ਬਣ ਕੇ ਮਨੁੱਖਤਾ ਲਈ ਅਪੀਲ ਕਰਨੀ ਚਾਹੀਦੀ ਹੈ ਕਿ ਜਿਹੜੇ ਵੀਰਾਂ ਨੂੰ ਕਾਨੂੰਨ ਨੇ ਸਜ਼ਾਵਾਂ ਦਿੱਤੀਆਂ ਸਨ, ਉਹ ਪੂਰੀਆਂ ਕਰ ਚੁੱਕੇ ਹਨ ਤੇ ਕਈ ਉਸ ਨੂੰ ਦੋ-ਦੋ ਵਾਰੀ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ । ਭਾਰਤੀ ਸੰਵਿਧਾਨ ਅਨੁਸਾਰ ਜਦੋਂ ਕਿਸੇ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਰਿਹਾਈ ਉਸ ਦਾ ਮਨੁੱਖੀ ਅਧਿਕਾਰ ਹੈ। ਬੀਬੀ ਸੋਹਲ ਨੇ ਕਿਹਾ ਕਿ ਭਾਵੇਂ ਕਿ ਵੱਖ-ਵੱਖ ਰਾਜਸੀ ਪਾਰਟੀਆਂ ਤੇ ਸਿੱਖ ਸੰਸਥਾਵਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪੋ-ਆਪਣੇ ਢੰਗ ਤਰੀਕਿਆਂ ਨਾਲ ਆਵਾਜ਼ ਉਠਾਈ ਜਾ ਰਹੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ ’ਤੇ ਜਨਤਕ ਲਹਿਰ ਆਰੰਭੀ ਹੋਈ ਹੈ। ਇਸ ਦੌਰਾਨ ਮਨੁੱਖੀ ਅਧਿਕਾਰ ਸੰਗਠਨ ਦੀ ਅਗਵਾਈ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੂਬੇ ਭਰ ’ਚ ਥਾਂ-ਥਾਂ ਕੈਂਡਲ ਮਾਰਚ ਕੱਢੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਬੀਬੀ ਸੋਹਲ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਵੱਖ ਵੱਖ ਕਲਾਕਾਰਾਂ, ਰੰਗ ਕਰਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਕੈਂਡਲ ਮਾਰਚ ਕੱਢਿਆ ਗਿਆ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੇ ਸ਼ਿਰਕਤ ਕੀਤੀ ਸੀ। ਇਸ ਮੌਕੇ ਡਾ: ਇਰਸਾਦ ਜਮਾਤ ਇਸਲਾਮ, ਮਾ: ਰਮਜਾਮ ਸਾਈਦ, ਨੁਸਰਤ ਇਕਰਾਮ ਖਾ, ਮੰਜੂ ਕੁਰੈਸ਼ੀ, ਮਾ: ਨਜੀਰ, ਜਮੀਰ ਅਲੀ ਜਮੀਰ, ਮੁਹੰਮਦ ਜਹਾਂਗੀਰ, ਵਸੀਨ ਸ਼ੇਖਾ, ਫੈਸਲ ਰਾਣਾ, ਰਾਸੀਦ ਮਾਲਿਕ, ਰਿਲਮਾਮ ਚੌਧਰੀ ਤੇ ਬੀਬੀ ਰਵੀਨਾ ਮੀਰਏ ਕਾਫਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here