ਪਟਿਆਲਾ (ਬੋਬੀ ਸਹਿਜਲ-ਵਿਕਾਸ ਮਠਾੜੂ) ਆਬਕਾਰੀ ਤੇ ਕਰ ਵਿਭਾਗ ਪੰਜਾਬ ‘ਚ ਤਾਇਨਾਤ ਏਆਈਜੀ ਗੁਰਜੋਤ ਸਿੰਘ ਕਲੇਰ ਨੂੰ ‘ਇੰਡੀਆ ਯੂਕੇ ਆਊਟ ਸਟੈਂਡਿੰਗ ਅਚੀਵਰਜ਼’ ਸਨਮਾਨ ਪ੍ਰਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ 75ਵੀਂ ਸੁਤੰਤਰਤਾ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਹੋਏ ਸਮਾਗਮ ਦੌਰਾਨ 25 ਜਨਵਰੀ ਨੂੰ ਲੰਡਨ ਵਿਖੇ ਗੁਰਜੋਤ ਸਿੰਘ ਕਲੇਰ ਨੂੰ ਇਹ ਮਾਣ ਪ੍ਰਰਾਪਤ ਹੋਇਆ ਹੈ। ਗੁਰਜੋਤ ਸਿੰਘ ਕਲੇਰ ਨੂੰ ਯੂਕੇ ਦੀ ਪਾਰਲੀਮੈਂਟ ਵਲੋਂ ਦਿੱਤਾ ਗਿਆ ਇਹ ਸਨਮਾਨ ਉਨ੍ਹਾਂ ਵੱਲੋਂ ਕੀਤੇ ਗਏ ਸਮਾਜਿਕ ਕੰਮਾਂ ਅਤੇ ਭਾਰਤ ਅਤੇ ਯੂਕੇ ਦੇ ਆਪਸੀ ਸਬੰਧਾਂ ਲਈ ਕੀਤੇ ਗਏ ਬਿਹਤਰੀਨ ਕੰਮ ਲਈ ਪ੍ਰਦਾਨ ਕੀਤਾ ਗਿਆ ਹੈ।
ਯੂਕੇ ਦੀ ਯੂਨੀਵਰਸਿਟੀ ਆਫ ਬਿ੍ਸਟਲ ਤੋਂ ਮਾਸਟਰ ਆਫ਼ ਸਾਇੰਸ ਇੰਨ ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਸਕਿਉਰਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਆਰਗੇਨਾਈਜ਼ੇਸ਼ਨਲ ਲੀਡਰਸ਼ਿਪ ਐਂਡ ਇਮੋਸ਼ਨਲ ਇੰਟੈਲੀਜੈਂਸ ਵਿਸ਼ੇ ‘ਚ ਉੱਚ ਸਿੱਖਿਆ ਹਾਸਲ ਗੁਰਜੋਤ ਸਿੰਘ ਏਵਨ ਅਤੇ ਸਮਰੈਸਟ ਪੁਲਿਸ ਤੇ ਯੂਕੇ ਪੁਲਿਸ ਨਾਲ ਵੀ ਕੰਮ ਕਰ ਚੁੱਕੇ ਹਨ। ਏਆਈਜੀ ਗੁਰਜੋਤ ਸਿੰਘ ਕਲੇਰ ਨੇ ਕੋਰੋਨਾ ਯੋਧਿਆਂ ਨੂੰ ਸਲਾਮ ਕਰਦਿਆਂ ਯੂਕੇ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ਤੋਂ ਬਹਾਦਰੀ ਭਰੀ ਛਾਲ ਲਗਾ ਕੇ ਕੋਰੋਨਾ ਯੋਧਿਆਂ ਨੂੰ ਵੱਖਰੇ ਢੰਗ ਨਾਲ ਸਲਾਮ ਕੀਤਾ। 2012 ਬੈਚ ਦੇ ਪੁਲਿਸ ਅਧਿਕਾਰੀ ਗੁਰਜੋਤ ਸਿੰਘ ਕਲੇਰ ਇਕ ਉਘੇ ਲਿਖਾਰੀ ਵੀ ਹਨ ਜਿਨ੍ਹਾਂ ਵੱਲੋਂ ‘ਨਿਊ ਇੰਡੀਆ- ਦ ਰਿਐਲਿਟੀ ਰੀਲੋਡੇਡ’ ਨਾਮ ਦੀ ਇਕ ਕਿਤਾਬ ਵੀ ਲਿਖੀ ਹੈ। ਜ਼ਿਕਰਯੋਗ ਹੈ ਕਿ ਗੁਰਜੋਤ ਸਿੰਘ ਕਲੇਰ ਨੂੰ ਬਠਿੰਡਾ ਵਿਖੇ ਗਣਤੰਤਰ ਦਿਵਸ 2023 ਦੀ ਪੂਰਵ ਸੰਧਿਆ ‘ਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।