Home crime ਸਾਬਕਾ ਅਕਾਲੀ ਵਿਧਾਇਕ ਕਲੇਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੀੜ੍ਹਤ ਪਰਿਵਾਰ...

ਸਾਬਕਾ ਅਕਾਲੀ ਵਿਧਾਇਕ ਕਲੇਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੀੜ੍ਹਤ ਪਰਿਵਾਰ ਦੇ ਹੱਕ ’ਚ ਡਟਿਆ
ਜਗਰਾਓਂ ਦੀ ਵਿਵਾਦਿਤ ਕੋਠੀ ਦਾ ਮਾਮਲਾ ਪਹੁੰਚਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਪਾਸ

118
0


ਜਗਰਾਓਂ, 17 ਜੂਨ ( ਜਗਰੂਪ ਸੋਹੀ, ਮੋਹਿਤ ਜੈਨ )-ਐਨ ਆਰ ਆਈ ਪਰਿਵਾਰ ਦੀ ਕੋਠੀ ’ਤੇ ਕਬਜ਼ਾ ਕਰਨ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਇਸ ਸਬੰਧੀ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਐਸ ਆਰ ਕਲੇਰ ਦੀ ਅਗਵਾਈ ਹੇਠ ਪਾਰਟੀ ਪੀੜਤ ਪਰਿਵਾਰ ਦੇ ਹੱਕ ਵਿੱਚ ਸਾਹਮਣੇ ਆ ਗਈ। ਇਸ ਸੰਬੰਧ ਵਿਚ ਐਸ ਆਰ ਕਲੇਰ ਦੀ ਅਗੁਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਐਨ ਆਰ ਆਈ ਬੀਬੀ ਅਮਰਜੀਤ ਕੌਰ ਅਤੇ ਕੁਲਦੀਪ ਕੌਰ ਧਾਲੀਵਾਲ ਸਮੇਂਤ ਐਸ ਪੀ ਐਚ ਜਗਰਾਉਂ ਨੂੰ ਮਿਲੇ। ਜਿੱਥੇ ਉਨ੍ਹਾਂ ਪੀੜਤ ਪਰਿਵਾਰ ਦੇ ਹੱਕ ਵਿੱਚ ਮੈਮੋਰੰਡਮ ਦਿੱਤਾ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਪੁਲਿਸ ਮੁਖੀ ਨੂੰ ਮਿਲਣ ਉਪਰੰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਆਰ ਕਲੇਰ ਨੇ ਕੋਠੀ ’ਤੇ ਕਬਜ਼ੇ ਨੂੰ ਗਿਣੀ ਮਿਥੀ ਸਾਜ਼ਿਸ਼ ਦੱਸਿਆ। ਕਲੇਰ ਨੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਕਰਮ ਸਿੰਘ ਦੀ ਸਿਆਸੀ ਸਾਂਝ ਜਨਤਕ ਕਰਦਿਆਂ ਕਿਹਾ ਕਿ ਕਰਮ ਸਿੰਘ ਬੀਬੀ ਮਾਣੂੰਕੇ ਦੇ ਖਾਸਮਖਾਸ ਹਨ। ਉਨਾਂ ਬੀਬੀ ਮਾਣੂੰਕੇ ਦੁਆਰਾ ਜ਼ਾਰੀ ਇਕ ਵੀਡੀਓ ਦੇ ਹਵਾਲੇ ਨਾਲ ਮਾਣੂੰਕੇ ਨੂੰ ਸਵਾਲ ਕਰਦਿਆਂ ਕਿਹਾ ਕਿ ਬੀਬੀ ਮਾਣੂੰਕੇ ਜਵਾਬ ਦੇਣ ਉਨ੍ਹਾਂ ਦੋਸ਼ੀ ਧਿਰ ਖ਼ਿਲਾਫ਼ ਕਿਹੜੀ ਕਾਰਵਾਈ ਕਰਵਾਈ ਹੈ। ਉਨ੍ਹਾਂ ਕਿਹਾ ਕਿ ਬੀਬੀ ਮਾਣੂੰਕੇ ਨੇ ਦੋ ਧਿਰਾਂ ਵਲੋਂ ਕੋਠੀ ਦੀ ਮਾਲਕੀ ਦੇ ਦਾਅਵੇ ਤੋਂ ਬਾਅਦ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਕਰਕੇ ਦੋਸ਼ੀ ਖਿਲਾਫ਼ ਕਾਰਵਾਈ ਦੀ ਮੰਗ ਕਰਨ ਦੀ ਗੱਲ ਕੀਤੀ ਸੀ , ਪ੍ਰੰਤੂ ਇਹ ਬਿਆਨਬਾਜ਼ੀ ਮਾਮਲੇ ਨੂੰ ਠੰਢਾ ਕਰਨ ਤੋਂ ਸਿਵਾਏ ਕੱਖ ਨਹੀ ਸੀ। ਉਨ੍ਹਾਂ ਕੋਠੀ ਖਾਲੀ ਕਰਨ ਤੋਂ ਬਾਅਦ ਪੁਲਿਸ ਜਾਂਚ ਕਿਸੇ ਨਤੀਜੇ ਤੇ ਪਹੁੰਚਣ ਤੋਂ ਬਗੈਰ ਕੋਠੀ ਦੀਆਂ ਚਾਬੀਆਂ ਕਰਮ ਸਿੰਘ ਦੇ ਹਵਾਲੇ ਕੀਤੀਆਂ ਹਨ। ਕੀ ਸਥਾਨਕ ਜਿਲਾ ਪੁਲਿਸ ਮੁਖੀ ਵਲੋਂ ਜਾਂਚ ਕਰਮ ਸਿੰਘ ਦੇ ਹੱਕ ਵਿਚ ਕਰ ਦਿਤੀ ਹੈ ਜੋ ਉਨ੍ਹਾਂ ਚਾਬੀਆਂ ਕਰਮ ਸਿੰਘ ਨੂੰ ਦੇ ਦਿੱਤੀਆਂ ? ਕਲੇਰ ਨੇ ਪੀੜ੍ਹਤ ਧਿਰ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਕੈਨੇਡਾ ਵਾਸੀ ਅਮਰਜੀਤ ਕੌਰ ਨੂੰ ਕੋਠੀ ਦਾ ਸਹੀ ਮਾਲਕ ਦੱਸਿਆ ਤੇ ਕਿਹਾ ਕਿ ਕਰਮ ਸਿੰਘ ਦੀ ਦਾਅਵੇਦਾਰੀ ਸ਼ੱਕੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਯੂਥ ਜਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਯੂਥ ਪ੍ਰਧਾਨ ਜਤਿੰਦਰ ਸਿੰਘ ਕਲੇਰ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਪੰਚ ਜਸਪ੍ਰੀਤ ਸਿੰਘ ਚੀਮਾ, ਪ੍ਰਧਾਨ ਸੁਖਮੰਦਰ ਸਿੰਘ ਮਾਣੂੰਕੇ,ਜਸਵੀਰ ਸਿੰਘ ਜੋਜੋ ਮਾਣੂੰਕੇ, ਜਗਜੀਤ ਸਿੰਘ ਡੱਲਾ, ਅਰਸ਼ ਡੱਲਾ, ਬਿੱਟੂ ਸਿੱਧੂ ਡੱਲਾ ਤੇ ਹੋਰ ਹਾਜ਼ਰ।
ਨਿਯਮਾਂ ਦੀਆਂ ਉਡਾਈਆਂ ਧਜੀਆਂ-
ਸਾਬਕਾ ਵਿਧਾਇਕ ਕਲੇਰ ਨੇ ਕਿਹਾ ਕਿ ਇਸ ਕੋਠੀ ਨੂੰ ਜਾਂਦੀ ਸੜਕ ਵੀ ਰਾਤੋ ਰਾਤ ਬਣ ਕੇ ਤਿਆਰ ਹੋ ਗਈ। ਜਦੋਂ ਕਿ ਕਿਸੇ ਵੀ ਸੜਕ ਚਾਹੇ ਉਹ ਵੱਡੀ ਹੋਵੇ ਜਾਂ ਛੋਟੀ ਉਸ ਲਈ ਪਹਿਲਾਂ ਮੌਕਾ ਦੇਖ ਕੇ ਐਸਟੀਮੇਟ ਤਿਆਰ ਹੁੰਦਾ ਹੈ। ਉਸਤੋਂ ਬਾਅਦ ਮਨਜੂਰੀ ਲਈ ਜਾਂਦੀ ਹੈ। ਫਿਰ ਟੈਂਡਰ ਹੁੰਦਾ ਹੈ ਅਤੇ ਉਸਦੇ ਬਾਅਦ ਕੰਮ ਠੇਕੇਦਾਰ ਨੂੰ ਅਲਾਟ ਕੀਤਾ ਜਾਂਦਾ ਹੈ। ਫਿਰ ਕਿਧਰੇ ਜਾ ਕੇ ਸੜਕ ਬਣਦੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਵੀ ਕਾਨੂੰਨੀ ਪ੍ਰਕ੍ਰਿਆ ਨੂੰ ਅਪਣਾਏ ਬਗੈਰ ਹੀ ਰਾਤੋ ਰਾਤ ਸੜਕ ਬਣਾ ਦਿਤੀ ਗਈ ਹੋਵੇ। ਇਹ ਵੀ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ। ਕੋਠੀ ਦਾ ਮਾਲਕ ਦਰਸਾਏ ਜਾ ਰਹੇ ਕਰਮ ਸਿੰਘ ਪਾਸ ਅਜਿਹੀ ਕੋਈ ਪਾਵਰ ਨਹੀਂ ਹੈ ਕਿ ਉਹ ਰਾਤੋ ਰਤ ਸੜਕ ਬਣਵਾ ਸਕੇ। ਇਸਤੋਂ ਇਲਾਵਾ ਉਨ੍ਹਾਂ ਸਥਾਨਕ ਪ੍ਰਸਾਸ਼ਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਕੋਠੀ ਤੇ ਕਬਜਾ ਕਰਨ ਦੀ ਸ਼ਿਕਾਇਤ ਪੀੜਤ ਪਰਿਵਾਰ ਵਲੋਂ ਦੇਣ ਤੋਂ ਕਈ ਦਿਨ ਬਾਅਦ ਇਸ ਕੋਠੀ ਦਾ ਇੰਤਕਾਲ ਵਿਭਾਗ ਵਲੋਂ ਕਰਮ ਸਿੰਘ ਦੇ ਨਾਮ ਕਰ ਦਿਤਾ ਗਿਆ। ਜਦੋਂ ਕਿ ਕਿਸੇ ਪ੍ਰਾਪਰਟੀ ਸੰਬੰਧੀ ਵਿਵਾਦ ਸਾਹਮਣੇ ਆਉਣ ਤੇ ਵਿਭਾਗ ਉਸਦੇ ਇੰਤਕਾਲ ਤੇ ਤੁਰੰਤ ਰੋਕ ਲਗਾ ਦਿੰਦਾ ਹੈ ਪਰ ਇਥੇ ਇਸਦੇ ਉਲਟ ਕੀਤਾ ਗਿਆ। ਸ਼ਿਕਾਇਤ ਹੋਣ ਦੇ ਬਾਵਜੂਦ ਵੀ ਇੰਤਕਾਲ ਦਰਜ ਕਰ ਦਿਤਾ ਗਿਆ।
ਚਾਰ ਦਿਨ ਤੱਕ ਦਾ ਅਲਟੀਮੰੇਟਮ-
ਸਾਬਕਾ ਕਲੇਰ ਨੇ ਕਿਹਾ ਕੀ ਅਸੀ 4 ਦਿਨਾ ਤੱਕ ਦੀ ਉਡੀਕ ਕਰਾਂਗੇ। ਜੇਕਰ ਐਨ ਆਰ ਆਈ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾ ਸੰਘਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੀੜ੍ਹਤ ਪਰਿਵਾਰ ਨਾਲ ਚਟਾਨ ਵਾਂਗ ਖੜ੍ਹਾ ਹੈ ਜਦੋਂ ਤੱਕ ਐਨ ਆਰ ਆਈ ਪਰਿਵਾਰ ਨੂੰ ਇਨਸਾਫ ਨਹੀ ਮਿਲਦਾ ਉਦੋਂ ਤੱਕ ਸੰਘਰਸ਼ ਜ਼ਾਰੀ ਰੱਖੇਗਾ।
ਜਗਰਾਓਂ ਦੀ ਵਿਵਾਦਿਤ ਕੋਠੀ ਦੀ ਗੂੰਜ ਕੈਨੇਡਾ ਵਿਚ ਵੀ-
ਜਗਰਾਓਂ ਵਿਚਲੀ ਪਿਛਲੇ ਦਿਨਾਂ ਤੋਂ ਹੀਰਾ ਬਾਗ ਵਿਚ ਤਿੰਨ ਮੰਜਿਲਾ ਕੋਠੀ ਦੀ ਗੂੰਜ ਹੁਣ ਕੈਨੇਡਾ ਤੱਕ ਵੀ ਪੁੱਜ ਗਈ ਹੈ। ਆਮ ਆਦਮੀ ਪਾਰਟੀ ਦੀ ਜਗਰਾਓਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋ ਕੋਠੀ ਦੱਬਣ ਦੇ ਲੱਗ ਰਹੇ ਦੋਸ਼ ਅਤੇ ਗ਼ਲਤ ਦਸਤਾਵੇਜ ਬਣਾ ਕੈਨੇਡਾ ਦੀ ਸਿਟੀਜਨ ਅਮਰਜੀਤ ਕੌਰ ਲੋਪੋ ਨੂੰ ਖੱਜਲ ਖਵਾਰ ਕਰਨ ਦਾ ਮਸਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੱਕ ਪੁੱਜ ਗਿਆ ਹੈ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਬਾਬਤ ਭਾਰਤ ਸਰਕਾਰ ਨਾਲ ਵਾਰਤਾ ਹੋਵੇਗੀ। .ਯਾਦ ਰਹੇ ਕੈਨੇਡਾ ਦੇ ਅੰਗਰੇਜ਼ੀ ਅਤੇ ਪੰਜਾਬੀ ਮੀਡੀਏ ਵਿੱਚ ਪੰਜਾਬ ਸਰਕਾਰ ਦੀ ਇਸ ਮਾਮਲੇ ਵਿਚ ਬੇਹੱਦ ਕਿਰਕਰੀ ਹੋ ਰਹੀ ਹੈ।.ਜਿਸ ਹਿਸਾਬ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਕੇ ਸਵਾਲੀਆ ਨਿਸ਼ਾਨ ਚੁੱਕੇ ਜਾ ਰਹੇ ਹਨ ਉਸਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੋਠੀ ਭਗਵੰਤ ਮਾਨ ਦੇ ਗਲੇ ਦੀ ਹੱਡੀ ਬਣ ਜਾਵੇਗੀ। ਇਸਦੇ ਨਾਲ ਹੀ ਜਗਰਾਓਂ ਦੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ।

LEAVE A REPLY

Please enter your comment!
Please enter your name here