ਸਵੱਦੀ ਕਲਾਂ ਪਿੰਡ ਵਾਸੀਆਂ ਨੇ ਬੀੜੀ ਸਿਗਰੇਟ ਜਰਦਾ ਆਦਿ ਦੀ ਵਿਕਰੀ ਤੇ ਲਗਾਈ ਮੁਕੰਮਲ ਪਾਬੰਦੀ
ਮੁੱਲਾਂਪੁਰ ਦਾਖਾ,17 ਜੂਨ(ਸਤਵਿੰਦਰ ਸਿੰਘ ਗਿੱਲ)—ਪਿਛਲੇ ਕਰੀਬ ਇਕ ਹਫਤੇ ਤੋਂ ਲੁਧਿਆਣਾ ਜਿਲ੍ਹੇ ਦੇ ਪਿੰਡ ਸਵੱਦੀ ਕਲਾਂ ਵਿੱਚ ਪ੍ਰਵਾਸੀ ਮਜਦੂਰਾਂ ਦੇ ਮੁੱਦੇ ਤੇ ਕਾਫੀ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ। ਸ਼ੋਸ਼ਲ ਮੀਡੀਏ ਰਾਹੀਂ ਵੀ ਕਾਫੀ ਵੀਡਿਓ ਅੱਗੇ ਆਈਆਂ ਜਿਨ੍ਹਾਂ ਚ ਇਹ ਸੰਕੇਤ ਦਿਤੇ ਸਨ ਕਿ ਅੱਜ ਤੋ ਬਾਅਦ ਇਸ ਨਗਰ ਵਿੱਚ ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਦੀ ਹੱਦ ਅੰਦਰ ਬਿਨਾ ਏਥੇ ਦੀ ਵੋਟ ਜਾਂ ਏਥੇ ਦੇ ਅਧਾਰ ਕਾਰਡ ਬਿਨਾ ਰਹਿ ਨਹੀਂ ਸਕਦਾ। ਹੁਣ ਬੇਸ਼ਕ ਪ੍ਰਵਾਸੀ ਮਜਦੂਰਾਂ ਨੇ ਰੇਹੜੀਆਂ ਲਗਾਉਣ ਦੀ ਥਾਂ ਆਪੋ ਆਪਣੀਆਂ ਦੁਕਾਨਾਂ ਕਿਰਾਏ ਤੇ ਲੈ ਲਈਆਂ ਹਨ ਪਰ ਪਿੰਡ ਦੀ ਗ੍ਰਾਮ ਪੰਚਾਇਤ ਵਲੋ ਤੰਬਾਕੂ ਦੀ ਵਿਕਰੀ ਤੇ ਲਗਾਈ ਮੁਕੰਮਲ ਪਾਬੰਦੀ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਸਰਪੰਚ ਲਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਤੋ ਬਾਅਦ ਸਾਡੇ ਨਗਰ ਸਵੱਦੀ ਕਲਾਂ ਵਿੱਚ ਕੋਈ ਵੀ ਦੁਕਾਨਦਾਰ ਬੀੜੀ, ਸਿਗਰੇਟ, ਜਰਦਾ ਆਦਿ ਨਹੀਂ ਵੇਚ ਸਕੇਗਾ।ਉਹਨਾਂ ਕਿਹਾ ਕਿ ਅੱਜ ਤੋ ਬਾਅਦ ਉਹਨਾਂ ਦਾ ਨਗਰ ਤੰਬਾਕੂ ਰਹਿਤ ਬਣ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਨ, ਬੀੜੀ ਸਿਗਰਟ ਜਰਦਾ ਆਦਿ ਕੈਂਸਰ ਦਾ ਕਾਰਨ ਬਣਦੇ ਹਨ ਉਸ ਕਰਕੇ ਇਸ ਦੀ ਵਿਕਰੀ ਤੇ ਪਾਬੰਧੀ ਲਗਾਈ ਗਈ ਹੈ।ਬਾਕੀ ਸਰਪੰਚ ਨੇ ਕਿਹਾ ਕਿ ਖੇਤਾਂ ਵਿੱਚ ਕੰਮ ਕਰਨ,ਦਾਣਾ ਮੰਡੀ ਚ ਕੰਮ ਕਰਨ ਆਦਿ ਤੇ ਪ੍ਰਵਾਸੀ ਮਜ਼ਦੂਰਾਂ ਵਾਸਤੇ ਕੋਈ ਪਾਬੰਧੀ ਨਹੀਂ ਹੈ। ਤੰਬਾਕੂ ਰਹਿਤ ਪਿੰਡ ਸਵੱਦੀ ਕਲਾਂ ਦੀ ਤਰਜ ਤੇ ਹੁਣ ਪੰਜਾਬ ਦੇ ਬਾਕੀ ਪਿੰਡ ਵੀ ਤੰਬਾਕੂ ਰਹਿਤ ਆਪੋ ਅਪਣੇ ਪਿੰਡ ਬਣਾਉਣ ਤਾਂ ਜੌ ਲੋਕ ਇਹਨਾ ਨਸ਼ਿਆਂ ਦੀ ਦਲਦਲ ਵਿੱਚ ਨਾ ਫਸਣ।