ਫ਼ਤਹਿਗੜ੍ਹ ਸਾਹਿਬ, 3 ਫਰਵਰੀ ( ਰੋਹਿਤ ਗੋਇਲ)-ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੀਆਂ ਪੰਜ ਸੜਕਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ 8 ਕਰੋੜ 17 ਲੱਖ 95 ਹਜਾਰ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਇਨ੍ਹਾਂ ਸੜਕਾਂ ਦਾ ਕੰਮ ਅਪ੍ਰੈਲ ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜਕਾਂ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੀ.ਟੀ.ਰੋਡ ਤੋਂ ਸਰਹਿੰਦ ਸ਼ਹਿਰ ਵਾਇਆ ਖਾਨਪੁਰ ਤੱਕ ਦੀ 5.70 ਕਿਲੋਮੀਟਰ ਸੜਕ ਦੇ ਨਿਰਮਾਣ ਤੇ 1 ਕਰੋੜ 40 ਲੱਖ 56 ਹਜ਼ਾਰ ਰੁਪਏ ਖਰਚ ਹੋਣਗੇ ਜਦੋਂ ਕਿ ਸਰਹਿੰਦ-ਮੋਰਿੰਡਾ ਰੋਡ ਤੋਂ ਭੜੀ, ਖੇੜੀ ਰੋਡ ਵਾਇਆ ਤਲਾਣੀਆਂ ਫਿਰੋਜਪੁਰ ਰਾਏਪੁਰ ਮਾਜਰੀ ਤੱਕ ਦੀ 10.90 ਕਿਲੋਮੀਟਰ ਸੜਕ ਤੇ 3 ਕਰੋੜ 15 ਲੱਖ 50 ਹਜਾਰ ਰੁਪਏ, ਸਰਹਿੰਦ ਜੋਤੀ ਸਰੂਪ ਮੋੜ ਤੋਂ ਮੰਡੋਫਲ ਤੱਕ ਦੀ 2.50 ਕਿਲੋਮੀਟਰ ਸੜਕ ਦੇ ਨਿਰਮਾਣ ਤੇ 1 ਕਰੋੜ 19 ਲੱਖ 24 ਹਜਾਰ ਰੁਪਏ, ਸਰਹਿੰਦ ਮਾਧੋਪੁਰ ਤੋਂ ਬ੍ਰਾਹਮਣ ਮਾਜਰਾ ਸਾਧੂਗੜ੍ਹ ਰੋਡ ਵਾਇਆ ਸੱਦੋ ਮਾਜਰਾ ਤੱਕ ਦੀ 3.25 ਕਿਲੋਮੀਟਰ ਸੜਕ ਤੇ 1 ਕਰੋੜ 57 ਲੱਖ 06 ਹਜ਼ਾਰ ਰੁਪਏ ਅਤੇ ਸ਼ੇਖੂਪੁਰਾ ਤੋਂ ਖਾਨਪੁਰ ਵਾਇਆ ਕੁਸ਼ਟ ਆਸ਼ਰਮ ਤੱਕ ਦੀ 1.76 ਕਿਲੋਮੀਟਰ ਸੜਕ ਦੇ ਨਿਰਮਾਣ ਤੇ 85 ਲੱਖ 55 ਹਜ਼ਾਰ ਰੁਪਏ ਦਾ ਖਰਚਾ ਆਵੇਗਾ।ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਲਈ ਟੈਂਡਰ ਹੋ ਚੁੱਕੇ ਹਨ ਅਤੇ ਜਿਆਦਾ ਸਰਦੀ ਕਾਰਨ ਲੁੱਕ ਪਾਉਣ ਦਾ ਕੰਮ ਰੋਕਿਆ ਗਿਆ ਸੀ ਕਿਉਂਕਿ ਸਰਦੀਆਂ ਵਿੱਚ ਸੜਕਾਂ ਤੇ ਲੁੱਕ ਪਾਉਣ ਵਿੱਚ ਦਿੱਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਮੌਸਮ ਸਾਫ ਹੋ ਜਾਵੇਗਾ ਤਾਂ ਲੁੱਕ ਪਾਉਣ ਤੇ ਇੰਟਰਲਾਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦਾ ਕੰਮ ਤੈਅ ਸਮੇਂ ਅੰਦਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੰਮ ਦੀ ਗੁਣਵੱਤਾ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਕੀਤੀ ਜਾਵੇ।