ਪਟਿਆਲਾ ਦੇ ਸ਼ਾਹੀ ਪਰਿਵਾਰ ਤੋਂ ਕੈਪਟਨ ਅਮਰਿੰਦਰ ਸਿਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਂਗਰਸ ਪਾਰਟੀ ਵਲੋਂ ਬੇ-ਹੱਦ ਮਾਨ ਸਨਮਾਨ ਦਿਤਾ ਗਿਆ। ਜਦੋਂ ਕਾਂਗਰਸ ਪਾਰਟੀ ਨੂੰ ਸਚਮੁੱਚ ਹੀ ਕੈਪਟਨ ਅਮਰਿੰਦਰ ਸਿੰਘ ਦੀ ਜਰੂਰਤ ਸੀ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਰਾਟੀ ਤੋਂ ਬੇਮੁੱਖ ਹੋ ਗਏ ਅਤੇ ਉਹ ਪਾਰਟੀ ਛੱਡ ਕੇ ਉਸ ਪਾਰਟੀ ਵਿਚ ਸ਼ਾਮਲ ਹੋ ਗਏ ਜਿਸ ਦੀ ਉਹ ਹਰ ਸਮੇਂ ਨਿੰਦਾ ਕਰਦੇ ਰਹਿੰਦੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਵੀ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਜੋਕਿ ਕਾਂਗਰਸ ਪਾਰਟੀ ਦੀ ਟਿਕਟ ਤੇ ਸੰਸਦ ਮੈਂਬਰ ਬਣੇ ਹੋਏ ਹਨ, ਕਾਂਗਰਸ ਪਾਰਟੀ ਨੇ ਹੁਣ ਤੱਕ ਉਨਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੋਲੰ ਪਾਰਟੀ ਛੱਡ ਕੇ ਭਾਜਪਾ ਵਿਚ ਜਾਣ ਦੇ ਬਾਵਜੂਦ ਵੀ ਪਾਰਟੀ ਵਿਚੋਂ ਨਹੀਂ ਕਢਿਆ ਸੀ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਜੇਕਰ ਉਹ ਖੁਦ ਆਪਣੇ ਪਤੀ ਦੇ ਮਗਰ ਕਾਂਗਰਸ ਤੋਂ ਅਸਤੀਫਾ ਦਿੰਦੇ ਤਾਂ ਉਨ੍ਹੰ ਨੂੰ ਪਾਰਟੀ ਦੀ ਸੰਸਦ ਵਜੋਂ ਵੀ ਅਸਤੀਫਾ ਦੇਣਾ ਪੈਣਾ ਸੀ ਅਤੇ ਮੁੜ ਤੋਂ ਸੰਸਦ ਬਨਾਂ ਲਈ ਨਵੀਆਂ ਚੋਣਾਂ ਵਿਚ ਭਾਗ ਲੈ ਕੇ ਜਿਤ ਹਾਸਿਲ ਕਰਨੀ ਪੈਣੀ ਸੀ ਜੋ ਕਿ ਮੌਜੂਦਾ ਹਾਲਾਤਾਂ ਅਨੁਸਾਰ ਉਨ੍ਹੰ ਲਈ ਸੰਭਵ ਨਹੀਂ ਸੀ। ਇਸ ਲਈ ਜਿਸ ਪਾਰਟੀ ਦੇ ਉਹ ਸਮੇਂ-ਸਮੇਂ ’ਤੇ ਸੰਸਦ ਮੈਂਬਰ ਰਹੇ ਉਸੇ ਪਾਰਟੀ ਦੇ ਖਿਲਾਫ ਹੀ ਸੰਸਦ ਹੋਣ ਦੇ ਬਾਵਜੂਦ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿਤਾ ਤਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਕਾਂਗਰਸ ਹਾਈ ਕਮਾਂਡ ਵਲੋਂ ਹੁਣ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪਾਰਟੀ ’ਚੋਂ ਮੁਅਤਲ ਕੀਤਾ ਗਿਆ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਪਰ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੀ ਪ੍ਰਤਿਕ੍ਰਿਆ ਦਿਜੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਜੋ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਜਿਸ ਪਰਿਵਾਰ ਨੂੰ ਪਾਰਟੀ ਵੱਲੋਂ ਇੰਨਾ ਮਾਣ ਸਤਿਕਾਰ ਦਿੱਤਾ ਗਿਆ ਹੋਵੇ ਅਤੇ ਉਹੀ ਪਰਿਵਾਰ ਪਾਰਟੀ ਦੇ ਖਿਲਾਫ ਬਾਗੀ ਤੇਵਰ ਦਿਖਾਏ ਉਹ ਕੋਈ ਵੀ ਪਾਰਟੀ ਬਰਦਾਸ਼ਤ ਨਹੀਂ ਕਰ ਸਕਦੀ, ਭਾਵੇਂ ਉਹ ਕੋਈ ਵੀ ਪਾਰਟੀ ਹੋਵੇ। ਹੁਣ ਤੱਕ ਇਸ ਪਰਿਵਾਰ ਦਾ ਕਾਂਗਰਸ ਵਿੱਚ ਰਹਿ ਕੇ ਉੱਜਵਲ ਭਵਿੱਖ ਸੀ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਖੁਦ ਕਾਂਗਰਸ ਪਾਰਟੀ ਤੋਂ ਬਾਹਰ ਹੋ ਗਏ ਹਨ ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ’ਚ ਬਾਹਰ ਹੋਣ ਦਾ ਰਾਹ ਦਿਖਾ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਇਸ ਪਰਿਵਾਰ ਦੇ ਸਿਆਸੀ ਭਵਿੱਖ ’ਤੇ ਗ੍ਰਹਿਣ ਲੱਗ ਸਕਦਾ ਹੈ ਕਿਉਂਕਿ ਪਾਰਟੀਆਂ ਇਕ ਵੱਡੇ ਸਮੁੰਦਰ ਵਾਂਗ ਹੁੰਦੀਆਂ ਹਨ। ਜਿੰਨਾਂ ਵਿਚ ਅਨੇਕ ਲੋਕ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਪਾਰਟੀਆਂ ਨੂੰ ਦਗਾ ਦੇਣ ਵਾਲੇ ਸਿਆਸੀ ਭਵਿੱਖ ਖਤਮ ਕਰ ਬੈਠਦੇ ਹਨ ਕਿਉਂਕਿ ਆਪਣੀ ਪਾਰਟੀ ਨੂੰ ਛੱਡ ਬੈਠਦੇ ਹਨ ਅਤੇ ਜਿਸ ਪਾਰਟੀ ਵਿਚ ਜਾਂਦੇ ਹਨ ਉਥੇ ਬਹੁਤਾ ਵਜਨ ਨਹੀਂ ਮਿਲਦਾ। ਸਮੁੰਦਰ ਵਿਚ ਉਹ ਮਾਂਝੀ ਜ਼ਿਆਦਾਤਰ ਸਮੇਂ ਲਈ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ਜੋ ਉਲਟ ਵਹਾਅ ਵੱਲ ਨੂੰ ਆਪਣੀ ਕਿਸ਼ਤੀ ਲੈ ਕੇ ਚੱਲਦੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਉਲਟ ਵਹਾਅ ਵਿਚ ਚੱਲਦੇ ਹੋਏ ਕਾਂਗਰਸ ਛੱਡਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾ ਵਿਚ ਆਪਣੀ ਨਵੀਂ ਪਾਰਟੀ ਬਣਾ ਕੇ ਭਾਜਪਾ ਅਤੇ ਹੋਰਨਾ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਕੇ ਮੈਦਾਨ ਵਿਚ ਉਤਰਨ ਤੇ ਆਪਣੀ ਰਾਜਨੀਤਿਕ ਹੈਸੀਅਤ ਬਾਰੇ ਪਤਾ ਚੱਲ ਗਿਆ ਅਤੇ ਕੈਪਟਨ ਸਾਹਿਬ ਦੀ ਪਾਰਟੀ ਦਾ ਜੋ ਹਸ਼ਰ ਹੋਇਆ ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਇੱਕ ਸਾਬਕਾ ਮੁੱਖ ਮੰਤਰੀ ਦੀ ਪਾਰਟੀ ਨੂੰ ਕਿਸੇ ਨੇ ਵੀ ਪ੍ਰਵਾਨ ਨਗੀਂ ਕੀਤਾ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਚਾਂਦੀ ਦੇ ਚਮਚੇ ਖਾਣ ਵਾਲੇ ਅਤੇ ਉਨ੍ਹਾਂ ਦੇ ਵਫ਼ਾਦਾਰ ਕਹਾਉਣ ਵਾਲੇ ਆਗੂਆਂ ਨੇ ਵੀ ਮੂੰਹ ਮੋੜ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀ ਨਵੀਂ ਖੇਤਰੀ ਪਾਰਟੀ ਤੋਂ ਪੰਜਾਬ ਵਿਚ ਚੋਣਾਂ ਲੜਣ ਲਈ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਦੇ ਸਭ ਤੋਂ ਵੱਡੇ ਵਫਾਦਾਰ ਵੀ ਉਨ੍ਹਾਂ ਦੇ ਨਾਲ ਨਹੀਂ ਖੜੇ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਕਾਂਗਰਸ ਪਾਰਟੀ ਦੀ ਟਿਕਟ ਤੋਂ ਹੀ ਚੋਣ ਲੜੇ। ਆਪਣੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੱਕੇ ਤੌਰ ’ਤੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਹੁਣ ਕਾਂਗਰਸ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਜਾਣਗੇ। ਭਾਜਪਾ ਨੂੰ ਪੰਜਾਬ ਵਿਚ ਬਾਗੀ ਕਾਂਗਰਸੀ ਆਗੂਆਂ ਸਦਕਾ ਲੋਕ ਸਭਾ ਚੋਣਾਂ ਵਿਚ ਆਪਣੀ ਪਾਰਟੀ ਲਈ ਉਮੀਦਵਾਰ ਆਸਾਨੀ ਨਾਲ ਲੱਭ ਜਾਣਗੇ, ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਲਈ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ’ਤੇ ਉਮੀਦ ਅਨੁਸਾਰ ਕਾਮਯਾਬੀ ਹਾਸਲ ਕਰਨੀ ਔਖੀ ਹੋਵੇਗੀ। ਇਸ ਲਈ ਹੁਣ ਇਸ ਸ਼ਾਹੀ ਪਰਿਵਾਰ ਦਾ ਸਿਆਸੀ ਭਵਿੱਖ ਦਾਅ ’ਤੇ ਲੱਗ ਰਿਹਾ ਹੈ। ਇਹ ਕਹਿਣਾ ਵੀ ਅਤਕਥਣੀ ਨਹੀਂ ਹੋਵੇਗਾ ਕਿ ਇਹ ਪਟਿਆਲੇ ਦਾ ਸ਼ਾਹੀ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਤੋਂ ਬੇਦਖਲ ਹੋਣ ਦੇ ਕਗਾਰ ’ਤੇ ਹੈ। ਹੁਣ ਇਹ ਸਮਾਂ ਹੀ ਦੱਸੇਗਾ ਕਿ ਪਟਿਆਲੇ ਦਾ ਇਹ ਸ਼ਾਹੀ ਪਰਿਵਾਰ ਆਪਣੀ ਸਿਆਸੀ ਭਰੋਸੇਯੋਗਤਾ ਅਤੇ ਪਰਿਵਾਰਕ ਰੁਤਬਾ ਕਾਇਮ ਰੱਖ ਸਕੇੇਗਾ ਜਾਂ ਨਹੀਂ।
ਹਰਵਿੰਦਰ ਸਿੰਘ ਸੱਗੂ ।