ਜਗਰਾਉਂ ਨੇੜੇ ਗੁਰਸਰ ਸੁਧਾਰ ਵਿਖੇ ਲਿਆ ਆਖਰੀ ਸਾਹ
ਜਗਰਾਓਂ, 17 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)–ਪੰਜਾਬੀ ਫਿਲਮਾਂ ਦੀ ਸੁਪਰਹਿੱਟ ਹੀਰੋਇਨ ਦਲਜੀਤ ਕੌਰ ਦਾ ਦਿਹਾਂਤ ਆਪਣੇ ਭਰਾ ਦੇ ਘਰ ਜਗਰਾਓਂ ਨੇੜੇ ਗੁਰੂਸਰ ਸੁਧਾਰ ਵਿਖੇ ਹੋ ਗਿਆ।ਉਹ ਮੂਲ ਰੂਪ ਵਿੱਚ ਲੁਧਿਆਣਾ ਦੇ ਪਿੰਡ ਐਤੀਆਣਾ ਦੀ ਵਸਨੀਕ ਸੀ। ਉਨ੍ਹਾਂ ਦੇ ਆਪਣੇ ਕੋਈ ਔਲਾਦ ਨਹੀਂ ਸੀ ਅਤੇ ਉਹ ਆਪਣੇ ਭਰਾ ਦੇ ਨਾਲ ਗੁਰੂਸਰ ਸੁਧਾਰ ਵਿੱਚ ਪਿਛਲੇ 12 ਸਾਲਾਂ ਤੋਂ ਰਹਿ ਰਹੀ ਸੀ।
ਇਨ੍ਹਾਂ ਪੰਜਾਬੀ ਫਿਲਮਾਂ ਨੇ ਦਿੱਤੀ ਪਛਾਣ- ਦਲਜੀਤ ਕੌਰ, ਜੋ ਕਿ ਫਿਲਮ ਅਦਾਕਾਰਾ ਹੋਣ ਦੇ ਨਾਲ-ਨਾਲ ਕਬੱਡੀ ਅਤੇ ਹਾਕੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਸੀ। ਉਨ੍ਹਾਂ ਦਾ ਜਨਮ 1953 ਵਿੱਚ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਹੋਇਆ ਸੀ।
ਸੁਪਰਸਟਾਰ ਵਰਿੰਦਰ ਨਾਲ ਕਈ ਸੁਪਰਹਿੱਟ ਫਿਲਮਾਂ – ਦਲਜੀਤ ਕੌਰ ਨੇ ਆਪਣੇ ਸਮੇਂ ਦੀਆਂ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਵਰਿੰਦਰ ਨਾਲ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ 1976 ਵਿੱਚ ਪਹਿਲੀ ਫ਼ਿਲਮ ਦਾਜ਼ ਤੋਂ ਬਾਅਦ ਬਹੁਤ ਸਾਰੀਆਂ ਪੰਜਾਬੀ ਸੁਪਰਹਿੱਟ ਫਿਲਮਾਂ ਦਿਤੀਆਂ ਜਿਨ੍ਹਾਂ ਦੀ ਸੂਚੀ ਵਿੱਚ ਉਸ ਦੀਆਂ ਫ਼ਿਲਮਾਂ ਪੁੱਟ ਜੱਟਾਂ ਦੇ, ਮਾਮਲਾ ਗੜਬੜ ਹੈ, ਕੀ ਬਣੂ ਦੁਨੀਆਂ ਦਾ, ਸਰਪੰਚ ਅਤੇ ਪਟੋਲਾ ਸ਼ਾਮਲ ਹਨ। ਜਿਨ੍ਹਾਂ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ। ਦਲਜੀਤ ਨੇ ਪੰਜਾਬੀ ਫਿਲਮ ਸਿੰਗ ਵਰਸਿਜ਼ ਕੌਰ ਵਿੱਚ ਗਿੱਪੀ ਗਰੇਵਾਲ ਦੀ ਮਾਂ ਦੀ ਭੂਮਿਕਾ ਨਿਭਾਈ ਸੀ। ਉਸ ਨੇ ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਹ ਬਿਮਾਰ ਰਹਿਣ ਲੱਗੀ ਤਾਂ ਉਹ ਲੁਧਿਆਣਾ ਦੇ ਕਸਬਾ ਗੁਰਸਰ ਸੁਧਾਰ ਵਿਖੇ ਆਪਣੇ ਭਰਾ ਹਰਜਿੰਦਰ ਸਿੰਘ ਖੰਗੂੜਾ ਕੋਲ ਆ ਗਈ ਸੀ।
ਸ਼੍ਰੀ ਰਾਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ- 69 ਸਾਲਾ ਦਲਜੀਤ ਕੌਰ ਨੇ ਲੇਡੀ ਸ਼੍ਰੀ ਰਾਮ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਲਾ ਦੇ ਖੇਤਰ ਵਿੱਚ ਆਪਣਾ ਹੱਥ ਅਜ਼ਮਾਉਣ ਲਈ ਨੈਸ਼ਨਲ ਸਕੂਲ ਆਫ਼ ਫਿਲਮ ਐਂਡ ਡਰਾਮਾ ਪੁਣੇ ਤੋਂ ਡਿਪਲੋਮਾ ਕੀਤਾ। ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਅਤੇ 70 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸੁਧਾਰ ਵਿਖੇ ਕਰ ਦਿੱਤਾ ਗਿਆ ਹੈ।
