ਮੋਹਾਲੀ(ਵਿਕਾਸ ਮਠਾੜੂ – ਅਸਵਨੀ )ਜ਼ਿਲ੍ਹਾ ਚੋਣ ਅਫ਼ਸਰ/ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਅੱਜ ਏਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਅਤੇ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਰਕੇ ਅਧਿਕਾਰੀ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀ ਤੇ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਵੋਟ ਹਰੇਕ ਨਾਗਰਿਕ ਦਾ ਜਮਹੂਰੀ ਅਧਿਕਾਰ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਭਵਿੱਖ ਵਿੱਚ ਵੋਟਰਾਂ ਨੂੰ ਬੇਹਤਰ ਸਹੂਲਤਾਂ ਦੇਣਾ ਹੈ ਅਤੇ ਇਸ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣ ਦੀ ਲੋੜ ਹੈ। ਡਿਪਟੀ ਕਸ਼ਿਨਰ ਨੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾਣ ਦੇ ਨਿਰਦੇਸ਼ ਦਿੰਦੇ ਹੋਏ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਦੀ ਆਪੋ-ਆਪਣੇ ਖੇਤਰਾਂ ਵਿੱਚ ਮੌਜੂਦਗੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਡਿਪਟੀ ਕਸ਼ਿਨਰ ਨੇ ਇਹ ਕੰਮ ਨਿਰਧਾਰਤ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਸਥਾਨਿਕ ਕਰਮਚਾਰੀਆਂ ਦੀ ਮਦਦ ਲੈਣ ਲਈ ਵੀ ਅਧਿਕਾਰੀਆਂ ਨੂੰ ਆਖਿਆ। ਉਨ੍ਹਾਂ ਨੇ ਇਸ ਕੰਮ ਵਿੱਚ ਤਕਨਾਲੋਜੀ ਦੀ ਵਰਤੋਂ ਕਰਕੇ ਹਰ ਪੜਾਅ ’ਤੇ ਪਾਰਦਰਸ਼ਤਾ ਲਾਗੂ ਕਰਨ ਲਈ ਵੀ ਕਿਹਾ ਹੈ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਵਾਸਤੇ ਬੀ.ਐਲ.ਓਜ਼ ਵੱਲੋਂ ਰੋਜ਼ਾਨਾ ਘਰ ਘਰ ਜਾ ਕੇ ਫਾਰਮ 6 ਇਕੱਠੇ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਵੋਟਰ ਆਪ ਵੀ ਆਪਣਾ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਵੋਟਰ ਹੈਲਪਲਾਈਨ ਐਪ ’ਤੇ ਜਾ ਕੇ ਫਰਮ ਨੰ 6 ਭਰ ਸਕਦੇ ਹਨ। ਹੋਰ ਜਾਣਕਾਰੀ ਲਈ ਟੋਲ ਫ਼ੀ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਏ.ਡੀ.ਸੀ.(ਜਨਰਲ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ. ਮੋਹਾਲੀ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ. ਡੇਰਾ ਬੱਸੀ ਸ੍ਰੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ. ਖਰੜ ਸ੍ਰੀ ਰਵਿੰਦਰ ਸਿੰਘ, ਤਹਿਸੀਲਦਾਰ ਚੋਣਾਂ ਸ੍ਰੀ ਸੰਜੇ ਕੁਮਾਰ ਅਤੇ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ।