ਲਾਜਪਤ ਰਾਏ ਪਾਰਕ ਵਿਚ ਕੁੱਲ੍ਹੇ ਵਿਚ ਕੀੜੇ ਪੈਣ ਕਰਕੇ 10 ਦਿਨਾਂ ਤੋਂ ਲੜ ਰਿਹਾ ਸੀ ਜ਼ਿੰਦਗੀ ਅਤੇ ਮੌਤ ਦੀ ਲੜਾਈ
ਜਗਰਾਉਂ, 28 ਅਪ੍ਰੈਲ ( ਭਗਵਾਨ ਭੰਗੂ, ਜਗਰੂਪ ਸੋਹੀ )- ਭਾਵੇਂ ਪੰਜਾਬ ਸਰਕਾਰ ਅਤੇ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਦੇ ਦਾਅਵੇ ਕਰ ਰਹੀ ਹੈ ਪਰ ਅਸਲ ਵਿੱਚ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਇਸ ਹੱਦ ਤੱਕ ਧਸ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੀ ਜਿੰਦਗੀ ਦੀ ਵੀ ਪ੍ਰਵਾਹ ਨਹੀਂ ਹੈ ਅਤੇ ਉਹ ਬਿਨ੍ਹਾਂ ਜਿਊਣ ਮਰਨ ਦੀ ਪਰਵਾਹ ਕੀਤੇ ਨਸ਼ੇ ਲੈਣ ਵਿੱਚ ਵਿਅਸਤ ਹਨ। ਅਜਿਹੀ ਹੀ ਇੱਕ ਮਿਸਾਲ ਸਥਾਨਕ ਝਾਂਸੀ ਰਾਣੀ ਚੋਕ ਦੇ ਨਜ਼ਦੀਕ ਸਥਿਤ ਲਾਲਾ ਲਾਜਪਤ ਰਾਏ ਪਾਰਕ ਵਿੱਚ ਦੇਖਣ ਨੂੰ ਮਿਲੀ। ਜਿੱਥੇ ਇੱਕ ਨੌਜਵਾਨ ਪਿਛਲੇ 10 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਨੌਜਵਾਨ ਨੂੰ ਚਿੱਟੇ ਦਾ ਇੰਜੈਕਸ਼ਨ ਲਗਾਉਣ ਦਾ ਆਦਿ ਸੀ ਅਤੇ ਸਰੀਰ ਤੇ ਵੱਖ ਵੱਖ ਥਾਵਾਂ ਤੇ ਨਾੜੀਆਂ ਇੰਜੈਕਸ਼ਨ ਲਗਾਉਣ ਕਾਰਨ ਮਰ ਚੁੱਕੀਆਂ ਹੋਣ ਕਰਕੇ ਇੰਜੈਕਸ਼ਨ ਲਗਾਉਣ ਲਈ ਜੋਦੰ ਕੋਈ ਥਾਂ ਬਾਕੀ ਨਾ ਬਚਚੀ ਤਾਂ ਉਸਨੇ ਆਪਣੇ ਕੁੱਲ੍ਹੇ ਵਿਚ ਇੰਜੈਕਸ਼ਨ ਲਗਾਉਣਾ ਸ਼ੁਰੂ ਕਰ ਦਿਤਾ। ਕੁੱਲ੍ਹੇ ਵਿਚ ਇੰਜੈਕਸ਼ਨ ਸਹੀ ਤਰ੍ਹਾਂ ਨਾੜ ਵਿਚ ਨਾ ਲੱਗਣ ਕਾਰਨ ਨਾੜੀ ਤੋਂ ਦਵਾਈ ਬਾਹਰ ਰਹਿਣ ਕਰਕੇ ਉਸ ਥਾਂ ਤੇ ਗਹਿਰਾ ਜ਼ਖਮ ਹੋ ਗਿਆ। ਜਿਸ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਹੋਣ ਕਾਰਨ ਉਥੇ ਪਾਰਕ ’ਚ ਹੀ ਪਿਆ ਰਿਹਾ। ਡੂੰਘੇ ਜ਼ਖ਼ਮ ਕਾਰਨ ਉਸ ਦੇ ਕੁੱਲ੍ਹੇ ਵਿਚ ਕੀੜੇ ਪੈ ਗਏ। ਐਤਵਾਰ ਨੂੰ ਜਦੋਂ ਸ਼ਹਿਰ ਦੇ ਇਕ ਸਮਾਜਸੇਵੀ ਨੂੰ ਇਸ ਬਾਰੇ ਪਤਾ ਚੱਲਾ ਤਾਂ ਉਸਨੇ ਐਂਬੂਲੈਂਸ ਬੁਲਾਈ ਅਤੇ ਉਥੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ। ਜਿਥੇ ਉਸਨੂੰ ਉਥੇ ਡਾਕਟਰਾਂ ਨੇ ਦਾਖਲ ਕਰ ਲਿਆ।
ਸ਼ਰੇਆਮ ਵਿਕਦਾ ਹੈ ਨਸ਼ਾ-
ਵਰਨਣਯੋਗ ਹੈ ਕਿ ਜਗਰਾਉਂ ਵਿੱਚ ਝਾਂਸੀ ਰਾਣੀ ਚੌਕ ਨੇੜੇ ਸਰਕਾਰ ਵਲੋਂ ਨਸ਼ਾ ਛੁਡਾਓ ਕੇਂਦਰ ਚਲਾਇਆ ਜਾ ਰਿਹਾ ਹੈ। ਉੱਥੇ ਹੀ ਨਸ਼ੇ ਦੇ ਆਦੀ ਲੋਕਾਂ ਨੂੰ ਜੀਭ ਹੇਠਾਂ ਰੱਖਣ ਵਾਲੀਆਂ ਗੋਲੀਆਂ ਤੋਂ ਇਲਾਵਾ ਹੋਰ ਕਿਸਮ ਦੀਆਂ ਦਵਾਈਆਂ ਰੋਜ਼ਾਨਾ ਦਿਤੀਆਂ ਜਾਂਦੀਆਂ ਹਨ। ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ, ਨਸ਼ਾ ਛੁਡਾਓ ਕੇਂਦਰ ਦੇ ਬਾਹਰ ਨਸ਼ੇੜੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਜ਼ਿਆਦਾਤਰ ਨਸ਼ੇੜੀ ਨਸ਼ਾ ਛੁਡਾਊ ਕੇਂਦਰ ਤੋਂ ਗੋਲੀਆਂ ਲੈ ਕੇ ਬਾਹਰ ਮਹਿੰਗੇ ਭਾਅ ਵੇਚਦੇ ਹਨ। ਇਸ ਤੋਂ ਇਲਾਵਾ ਹੋਰ ਹਰ ਤਰ੍ਹਾਂ ਦੇ ਨਸ਼ੇ ਵੀ ਉੱਥੇ ਖੁੱਲ੍ਹੇਆਮ ਵੇਚੇ ਜਾਂਦੇ ਹਨ। ਨਗਰ ਕੌਂਸਲ ਦੇ ਸਾਹਮਣੇ ਲਾਲਾ ਲਾਜਪਤ ਰਾਏ ਪਾਰਕ ਵਿੱਚ ਵੀ ਨਸ਼ੇ ਦਾ ਅੱਡਾ ਬਣ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਮੁਹੱਲਾ ਮਾਈ ਜੀਨਾ, ਮੁਹੱਲਾ ਗਾਂਧੀ ਨਗਰ, ਅਜੀਤ ਨਗਰ ਅਤੇ ਹੋਰ ਕਈ ਥਾਵਾਂ ’ਤੇ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ।