ਚੰਡੀਗੜ੍ਹ, 17 ਨਵੰਬਰ, ( ਬਿਊਰੋ ) -ਅੰਮ੍ਰਿਤਸਰ ਪੁਲਿਸ ਨੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਹੈਂਡ ਗਰਨੇਡ, ਇਕ ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ ਇਕ ਕਾਰ ਬਰਾਮਦ ਕੀਤੀ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਦੇ ਉੱਚ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ। ਸੂਤਰਾਂ ਅਨੁਸਾਰ ਫੜੇ ਗਏ ਵਿਅਕਤੀਆਂ ਦੀ ਪਛਾਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੈਰਕੇ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਉਰਫ ਮਿੰਟੂ ਅਤੇ ਫਿਰੋਜ਼ਪੁਰ ਦੇ ਸਦਰ ਥਾਣਾ ਅਧੀਨ ਪੈਂਦੇ ਪਿੰਡ ਅਲੀਕੇ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਉਰਫ ਗੇਜਾ ਵਜੋਂ ਹੋਈ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਲੋਕ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਕਾਰ ਵਿੱਚ ਆ ਰਹੇ ਸਨ। ਪੁਲੀਸ ਨੇ ਵੀਰਵਾਰ ਸਵੇਰੇ ਮਕਬੂਲਪੁਰਾ ਇਲਾਕੇ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ।ਇਸ ਦੌਰਾਨ ਪਠਾਨਕੋਟ ਵੱਲੋਂ ਆ ਰਹੀ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ ਤਿੰਨ ਹੈਂਡ ਗਰਨੇਡ ਬਰਾਮਦ ਹੋਏ। ਇਸ ਤੋਂ ਇਲਾਵਾ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਜੰਮੂ-ਕਸ਼ਮੀਰ ਦੇ ਕਿਸੇ ਅੱਤਵਾਦੀ ਸੰਗਠਨ ਤੋਂ ਉਕਤ ਗ੍ਰਨੇਡ ਲਿਆ ਰਹੇ ਸਨ। ਪੁਲਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।