ਫ਼ਤਹਿਗੜ੍ਹ ਸਾਹਿਬ, 9 ਫਰਵਰੀ ( ਮੋਹਿਤ ਜੈਨ)-ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਣ ਲਈ ਡੇਅਰੀ ਉਦਮ ਸਿਖਲਾਈ ਦਾ ਛੇਵਾਂ ਬੈਂਚ 20 ਫਰਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਨੀਤ ਕੌੜਾ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਲੁਧਿਆਣਾ) ਅਤੇ ਚਤਾਮਲੀ (ਰੋਪੜ) ਵਿਖੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿੱਚ ਭਾਗ ਲੈਣ ਲਈ ਘੱਟੋ ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧਤ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਿਖਿਆਰਥੀ ਦੀ ਉਮਰ 18 ਸਾਲ ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਘੱਟੋ ਘੱਟ 5 ਜਾਂ ਇਸ ਤੋਂ ਵੱਧ ਪਸ਼ੁ ਰੱਖੇ ਹੋਣੇ ਚਾਹੀਦੇ ਹਨ। ਕੌੜਾ ਨੇ ਦੱਸਿਆ ਕਿ ਇਸ ਸਿਖਲਾਈ ਲਈ ਜਨਰਲ ਵਰਗ ਦੇ ਉਮੀਦਵਾਰਾਂ ਲਈ 5000 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਲਈ 4000 ਰੁਪਏ ਫੀਸ ਰੱਖੀ ਗਈ ਹੈ। ਸਿਖਲਾਈ ਦੌਰਾਨ ਦੁਧਾਰਜੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰੱਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਕਿਸਮਾਂ ਅਤੇ ਏ.ਆਈ. ਦੇ ਪ੍ਰੈਕਟੀਕਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 02 ਤੋਂ 20 ਪਸ਼ੂਆਂ ਦੇ ਯੁਨਿਟ ਲਈ ਜਨਰਲ ਵਰਗ ਦੇ ਲਾਭਪਾਤਰੀਆਂ ਨੂੰ 25 ਫੀਸਦੀ ਅਤੇ ਅਨੁਸੂਚਿਤ ਜਾਤੀ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਮਿਲਕਿੰਗ ਮਸ਼ੀਨ ਦੀ ਖਰੀਦ ਤੇ 50 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਹਾਸਲ ਕਰਨ ਦੇ ਚਾਹਵਾਨ ਨੌਜਵਾਨ ਡਿਪਟੀ ਡਾਇਰੈਕਟਰ ਡੇਅਰੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ: 406 ਤੀਜੀ ਮੰਜ਼ਿਲ ਤੇ ਸਥਿਤ ਦਫ਼ਤਰ ਵਿੱਚੋਂ 100 ਰੁਪਏ ਦਾ ਪ੍ਰਾਸਪੈਕਟ ਪ੍ਰਾਪਤ ਕਰਕੇ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਮੋਬਾਇਲ ਨੰਬਰ 85670-85670 ਤੇ ਸੰਪਰਕ ਕੀਤਾ ਜਾ ਸਕਦਾ ਹੈ।