ਮਿਹਨਤੀ ਸਟਾਫ਼ ਦੀ ਦ੍ਰਿੜ ਲਗਨ ਕਾਰਨ ਜਗਰਾਉਂ ਹਲਕੇ ਨੂੰ ਮਾਣ ਮਿਲਿਆ ਹੈ – ਮਾਣੂੰਕੇ
ਜਗਰਾਉਂ, 9 ਫਰਵਰੀ ( ਭਗਵਾਨ ਭੰਗੂ, ਰੋਹਿਤ ਗੋਇਲ)-ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਸਿਵਲ ਹਸਪਤਾਲਾਂ ਦਾ ਸਰਵੇ ਕਰਵਾਇਆ ਗਿਆ, ਜਿਸ ਵਿੱਚ ਸਿਵਲ ਹਸਪਤਾਲ ਜਗਰਾਉਂ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਭਾਰਤ ਸਰਕਾਰ ਨਵੀਂ ਦਿੱਲੀ ਦੇ ਅਡੀਸਨਲ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਐਨ.ਐਚ.ਐਮ.) ਵੱਲੋਂ ਜਾਰੀ ਪੱਤਰ ਮੁਤਾਬਿਕ ਸਾਲ 2022 ਵਿੱਚ ਹੋਈ ਅਸੈਸਮੈਂਟ ਅਨੁਸਾਰ ਸਿਵਲ ਹਸਪਤਾਲ ਜਗਰਾਉਂ ਨੂੰ ਓਵਰਆਲ ਸਕੋਰ 93 ਪ੍ਰਤੀਸ਼ਨ ਮਿਲਿਆ ਹੈ ਅਤੇ ਸਿਵਲ ਹਸਪਤਾਲ ਜਗਰਾਉਂ ਲੋਕਾਂ ਨੂੰ ਸ਼ਾਨਦਾਰ ਸਿਹਤ ਸੇਵਾਵਾਂ ਦੇਣ ਵਿੱਚ ਸੂਬੇ ਭਰ ਦੀਆਂ ਸਿਹਤ ਸੇਵਵਾਂ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ.ਜਗਰਾਉਂ ਡਾ.ਪੁਨੀਤ ਸਿੱਧੂ ਨੇ ਦੱਸਿਆ ਕਿ ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਹਲਕੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ਅਤੇ ਅਕਸਰ ਹੀ ਸਿਵਲ ਹਸਪਤਾਲ ਜਗਰਾਉਂ ਦਾ ਨਿਰੀਖਣ ਕਰਦੇ ਰਹਿੰਦੇ ਹਨ ਅਤੇ ਹਸਪਤਾਲ ਨੂੰ ਲੋੜੀਦੀਂਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨਾਲ ਵੀ ਰਾਬਤਾ ਰੱਖਦੇ ਹਨ। ਉਹਨਾਂ ਦੱਸਿਆ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਜਗਰਾਉਂ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਜੱਚਾ-ਬੱਚਾ ਹਸਪਤਾਲ ਉਸਾਰਿਆ ਗਿਆ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਘਾਟਨ ਕਰਨ ਉਪਰੰਤ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ। ਜਿੱਥੇ ਇਲਾਕੇ ਦੀਆਂ ਗਰਭਵਤੀ ਔਰਤਾਂ ਅਤੇ ਨਵ-ਜਨਮੇ ਬੱਚਿਆਂ ਦਾ ਇਲਾਜ਼ ਆਧੁਨਿਕ ਪ੍ਰਨਾਲੀ ਰਾਹੀਂ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਜਗਰਾਉਂ ਵਿੱਚ ਔਰਤਾਂ ਦੇ ਮਾਹਿਰ, ਹੱਡੀਆਂ ਦੇ ਮਾਹਿਰ, ਅੱਖਾਂ ਤੇ ਬੇਹੋਸ਼ੀ ਦੇ ਮਾਹਿਰ, ਚਮੜੀ ਰੋਗਾਂ ਦੇ ਮਾਹਿਰ ਡਾਕਟਰ ਸਾਹਿਬਾਨ ਰੋਜ਼ਾਨਾਂ ਓ.ਪੀ.ਡੀ. ਵਿੱਚ ਹਾਜ਼ਰ ਰਹਿੰਦੇ ਹਨ ਅਤੇ ਮਰੀਜ਼ਾਂ ਦਾ ਇਲਾਜ਼ ਕਰਦੇ ਹਨ। ਇਸ ਤੋਂ ਇਲਾਵਾ ਐਕਸ-ਰੇ ਮਸ਼ੀਨਾਂ ਅਤੇ ਲੈਬ.ਟੈਸਟਾਂ ਦੇ ਮਾਹਿਰ ਵੀ ਉਪਲੱਬਧ ਹਨ। ਡਾ.ਪੁਨੀਤ ਸਿੱਧੂ ਨੇ ਹੋਰ ਦੱਸਿਆ ਕਿ ਸਿਵਲ ਹਸਪਤਾਲ ਜਗਰਾਉਂ ਵਿੱਚ 24 ਘੰਟੇ ਐਮਰਜੈਂਸੀ ਖੁੱਲੀ ਰਹਿੰਦੀ ਹੈ, ਬਲੱਡ ਬੈਂਕ ਦੀ ਸਹੂਲਤ ਹੈ, ਕਿਡਨੀ ਦੇ ਮਰੀਜ਼ਾਂ ਲਈ ਡਾਇਲਸੈਸ ਦਾ ਯੂਨਿਟ ਹੈ, ਹਰ ਪ੍ਰਕਾਰ ਦੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ, ਆਯੂਸ਼ਮਾਨ ਯੋਜਨਾਂ ਤਹਿਤ ਇਲਾਜ਼ ਕੀਤਾ ਜਾਂਦਾ ਹੈ ਅਤੇ ਦਿਵਾਂਗ (ਯੂ.ਡੀ.ਆਈ.ਡੀ.) ਕਾਰਡ ਬਣਾਏ ਜਾਂਦੇ ਹਨ। ਉਹਨਾਂ ਹੋਰ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਕੋਵਿਡ ਅਤੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਵੀ ਕੀਤਾ ਜਾਂਦਾ ਹੈ ਅਤੇ ਹਸਪਾਤਾਲ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਸਬੰਧ ਵਿੱਚ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਦੇਣ ਲਈ ਵੀ ਗਰੰਟੀ ਦਿੱਤੀ ਸੀ ਅਤੇ ਹਲਕੇ ਅੰਦਰ ਇਸ ਗਰੰਟੀ ਨੂੰ ਪੂਰਾ ਕਰਨ ਲਈ ਉਹਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਆਪਣੀ ਸੁਪਰਵਾਈਜ਼ਰੀ ਕਪੈਸਟੀ ਵਿੱਚ ਸਿਵਲ ਹਸਪਤਾਲ ਦਾ ਪ੍ਰਬੰਧ, ਸਹੂਲਤਾਂ ਅਤੇ ਸਮੱਸਿਆਵਾਂ ਦਾ ਨਿਰੀਖਣ ਕੀਤਾ ਜਾਂਦਾ ਰਿਹਾ ਹੈ ਅਤੇ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ ਹੈ। ਵਿਧਾਇਕਾ ਮਾਣੂੰਕੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਸਿਵਲ ਹਸਪਤਾਲ ਜਗਰਾਉਂ ਦਾ ਸੂਬੇ ਦੀਆਂ ਸਿਹਤ ਸੇਵਾਵਾਂ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਦਾ ਸਿਹਰਾ ਹਸਪਾਲਤ ਦੇ ਸਮੂਹ ਸਟਾਫ਼ ਨੂੰ ਜਾਂਦਾ ਹੈ, ਜਿੰਨ੍ਹਾਂ ਦੀ ਦ੍ਰਿੜ ਲਗਨ ਅਤੇ ਮਿਹਨਤ ਸਦਕਾ ਜਗਰਾਉਂ ਹਲਕੇ ਨੂੰ ਮਾਣ ਮਿਲਿਆ ਹੈ। ਮਾਣੂੰਕੇ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਅਪੀਲ ਕਰਦੇ ਹੋਏ ਆਖਿਆ ਕਿ ਉਹ ਵੀ ਆਪੋ-ਆਪਣੇ ਪ੍ਰਸ਼ਾਸ਼ਨ ਨੂੰ ਪਾਰਦਰਸ਼ਤਾ ਅਤੇ ਕੁਸ਼ਲਤਾ ਨਾਲ ਚਲਾਉਣ ਅਤੇ ਜਗਰਾਉਂ ਹਲਕੇ ਦਾ ਨਾਮ ਰੌਸ਼ਨ ਕਰਨ ਵਿੱਚ ਯੋਗਦਾਨ ਪਾਉਣ।