ਗੁਰਦਾਸਪੁਰ, 9 ਫਰਵਰੀ (ਵਿਕਾਸ ਮਠਾੜੂ): ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ 2 ਰੋਜ਼ਾ ਯੁਵਕ ਦਿਵਸ 13 ਅਤੇ 14 ਫਰਵਰੀ ਨੂੰ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਗੁਰਦਾਸਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਰਵੀ ਦਾਰਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਹੋਵੇਗਾ ਅਤੇ ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਨੌਜ਼ਵਾਨ ਪੀੜ੍ਹੀ ਨੂੰ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਪ੍ਰਤੀ ਜਾਣੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਖੂਨਦਾਨ ਕੈਂਪ, ਸਵਾਮੀ ਵਿਵੇਕਾਨੰਦ ਜੀ ਨਾਲ ਸੰਬਧਿਤ ਪੋਸਟਰ ਮੇਕਿੰਗ ਅਤੇ ਕੋਲਾਜ ਮੇਕਿੰਗ ਆਯੋਜਿਤ ਕੀਤਾ ਜਾਵੇਗਾ ਜਦੋਂ ਕਿ 14 ਫਰਵਰੀ ਨੂੰ ਭਾਸ਼ਣ ਮੁਕਾਬਲੇ, ਸਲੋਗਨ ਰਾਈਟਿੰਗ ਅਤੇ ਕੁਇਜ਼ ਮੁਕਾਬਲੇ ਕਰਵਾਉਣ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲੇ੍ਹ ਦੇ ਸਮੂਹ ਕੌਮੀ ਸੇਵਾ ਯੋਜਨਾ ਇਕਾਈਆਂ, ਰੈੱਡ ਰਿਬਨ ਕਲੱਬ/ਯੂਥ ਕਲੱਬਾਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਖੁੱਲਾ ਸੱਦਾ ਦਿੱਤਾ ਹੈ।
