ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ’ਚ ਇਕ ਨਾਬਾਲਗ ਲੜਕੇ ਨੂੰ 15 ਕਿਲੋ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗਮਣੀ ਸਮੇਤ ਕਾਬੂ ਕੀਤੇ ਗਿਆ। ਇੰਨੀ ਵੱਡੀ ਮਾਤਰਾ ’ਚ ਹੈਰੋਇਨ ਅਤੇ ਡਰੱਗਮਣੀ ਸਮੇਤ ਇਕ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਾਡਾ ਨੌਜਵਾਨ ਵਰਦ ਕਿਸ ਪਾਸੇ ਨੂੰ ਜਾ ਰਿਹਾ ਹੈ। ਇਸਦੀ ਡਰਾਉਣੀ ਤਸਵੀਰ ਪੇਸ਼ ਕਰ ਰਿਹਾ ਹੈ ਇਹ ਘਟਨਾਕ੍ਰਮ। ਇਸ ਤੋਂ ਪਹਿਲਾਂ ਪੰਜਾਬ ਵਿੱਚ ਵਾਪਰੀਆਂ ਕਈ ਵੱਡੀਆਂ ਹਿੰਸਕ ਘਟਨਾਵਾਂ ਵਿੱਚ ਨਾਬਾਲਗਾਂ ਦੀ ਸ਼ਮੂਲੀਅਤ ਸਾਹਮਣੇ ਆ ਚੁੱਕੀ ਹੈ। ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਨਾਬਾਲਗ ਲੜਕੇ ਵਲੋਂ ਬਤੌਰ ਸ਼ਾਰਪ ਸ਼ੂਟਰ ਸਾਹਮਣੇ ਆਉਣਾ ਪਾਇਆ ਗਿਆ। ਹੁਣ ਇਥੇ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਵੱਲੋਂ ਕਤਲ ਅਤੇ ਹੋਰ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਲਈ ਨਾਬਾਲਗ ਬੱਚਿਆਂ ਨੂੰ ਚੁਣਿਆ ਜਾਣਾ ਸ਼ੁਰੂ ਕਰ ਦਿਤਾ ਹੈ। ਹੁਣ ਨਸ਼ਾ ਤਸਕਰਾਂ ਵਲੋਂ ਨਾਬਾਲਗ ਲੜਕਿਆਂ ਨੂੰ ਨਸ਼ਾ ਤਸਕਰੀ ਵਾਲੇ ਪਾਸੇ ਸ਼ਾਮਲ ਕਰਨਾ ਬਹੁਤ ਵੱਡੀ ਗੱਲ ਹੈ। ਇਹ ਪਹਿਲਾ ਮੌਕਾ ਹੈ ਜਦੋਂ ਹੈਰੋਇਨ ਦੀ ਵੱਡੀ ਖੇਪ ਅਤੇ ਡਰੱਗਮਣੀ ਸਮੇਤ ਇੱਕ ਨਾਬਾਲਗ ਲੜਕਾ ਫੜਿਆ ਗਿਆ ਹੈ। ਇਸਤੋਂ ਇਲਾਵਾ ਹੋਰ ਕਿੰਨੇ ਬੱਚੇ ਇਸ ਕੰਮ ਵੱਲ ਧੱਕ ਦਿਤੇ ਗਏ ਹਨ ਉਨ੍ਹਾਂ ਦਾ ਖੁਲਾਸਾ ਨਹੀਂ ਹੋਇਆ। ਨਾਬਾਲਗ ਬੱਚਿਆਂ ਨੂੰ ਮਾੜੇ ਪਾਸੇ ਤੋਰਨ ਲਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਬਹੁਤਤੀ ਮਿਹਨਤ ਨਹੀਂ ਕਰਨੀ ਪੈਂਦੀ ਕਿਉਂਕਿ ਇਹ ਬੱਚੇ ਥੋੜੇ ਬਹੁਤ ਲਾਲਚ ਅਤੇ ਟੌਹਰ ਵਾਲੀ ਜਿੰਦਹੀ ਬਿਤਾਉਣ ਦੇ ਸੁਪਨਿਆਂ ਨੂੰ ਅਆੱਖਾਂ ਵਿਚ ਸੰਜੋ ਕੇ ਹੀ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਇਨ੍ਹੰ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਹੇ ਹਨ ਅਤੇ ਇਸ ਕੰਮ ਦਾ ਨਤੀਜਾ ਅੱਗੇ ਉਨ੍ਹਾਂ ਦੀ ਜਿੰਦਗੀ ਨੂੰ ਤਬਾਹ ਕਰ ਦੇਵੇਗਾ। ਹੱਥਾਂ ਵਿਚ ਕਿਤਾਬਾਂ ਲੈ ਕੇ ਸਕੂਲਾਂ ਵਿੱਚ ਜਾਣ ਦੀ ਬਜਾਏ ਇਨ੍ਹਾਂ ਨੰਨ੍ਹੇ ਹੱਥਾਂ ਵਿੱਚ ਹਥਿਆਰ ਅਤੇ ਨਸ਼ੇ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਾਬਾਲਗਾਂ ਦੇ ਇਸ ਖੇਤਰ ਵਿੱਚ ਦਾਖਲੇ ਨੂੰ ਰੋਕਿਆ ਜਾਵੇ। ਅਜਿਹਾ ਨਾ ਹੋਵੇ ਕਿ ਦੇਰ ਹੋ ਜਾਵੇ। ਅਪਰਾਧੀ ਇਨ੍ਹਾਂ ਬੱਚਿਆਂ ਨੂੰ ਢਾਲ ਵਜੋਂ ਵਰਤਦੇ ਹਨ ਅਤੇ ਖੁਦ ਆਸਾਨੀ ਨਾਲ ਨਿਕਲ ਜਾਂਦੇ ਹਨ। ਬੱਚੇ ਅਣਜਾਣ ਪੁਣੇ ਵਿਚ ਵੱਡੀ ਗਲਤੀ ਕਰ ਲੈਂਦੇ ਹਨ। ਜਿਸ ਦਾ ਅਸਰ ਉਨ੍ਹਾਂ ਦੀ ਸਾਰੀ ਉਮਰ ਲਈ ਹੁੰਦਾ ਹੈ। ਅਜਿਹੇ ਲਾਲਚਵਸ ਕੀਤੇ ਗਏ ਕੰਮ ਵੱਡੇ ਪਛਤਾਵੇ ਦਾ ਕਾਰਨ ਬਣਦੇ ਹਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਰਬਾਦੀ ਦੇ ਕਿਨਾਰੇ ਲੈ ਜਾਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਫੜੇ ਗਏ ਨਾਬਾਲਗ ਬੱਚੇ ਪਾਸੋਂ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਨੰਗੇ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਫਿਰ ਤੋਂ ਅਜਿਹੇ ਮਾਸੂਮ ਬੱਚੇ ਨੂੰ ਕਿਸੇ ਘਿਨਾਉਣੇ ਅਪਰਾਧ ਵੱਲ ਨਾ ਧੱਕ ਸਕਣ। ਇਸ ਤੋਂ ਪਹਿਲਾਂ ਪੰਜਾਬ ਵਿਚ ਨਸ਼ੇ ਦੇ ਬੋਲਬਾਲੇ ਕਾਰਨ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧਕੇਲ ਦਿੱਤਾ ਗਿਆ। ਗਰੀਬ ਪਰਿਵਾਰਾਂ ਦੇ ਬੱਚੇ ਇਸ ਦਲਦਲ ਵਿਚ ਵਧੇਰੇ ਧਸ ਗਏ। ਜਿਨ੍ਹਾਂ ਪਾਸ ਇੰਨੇ ਮਹਿੰਗੇ ਨਸ਼ੇ ਕਰਨ ਲਈ ਪੂੰਜੀ ਵੀ ਨਹੀਂ ਹੁੰਦੀ। ਆਪਣੇ ਨਸ਼ੇ ਦੀ ਪੂਰਤੀ ਲਈ ਥੋੜਾ-ਥੋੜਾ ਜਿਹਾ ਨਸ਼ਾ ਖਰੀਦ ਕਰਕੇ ਉਸ ਵਿਚੋਂ ਅੱਧਾ ਅੱਗੇ ਸਪਲਾਈ ਕਰਦੇ ਹਨ। ਇਸੇ ਤਰ੍ਹਾਂ ਉਹ ਛੋਟੇ ਤੋਂ ਵੱਡੇ ਸਮਗਲਰਾਂ ਦੀ ਸੂਚੀ ਵਿਚ ਪੈਰ ਧਰਨ ਲੱਗ ਪੈਂਦੇ ਹਨ। ਜ਼ਿਆਦਾਤਰ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਜਾਂਦੇ ਹਨ ਅਤੇ ਬਹੁਤੇ ਨੌਜਵਾਨ ਵੀ ਅਪਰਾਧੀਆਂ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਉਨ੍ਹਾਂ ਨੂੰ ਨਸ਼ੇ ਦੇ ਕੇ ਕੋਈ ਵੀ ਕੰਮ ਕਰਵਾ ਲੈਂਦੇ ਹਨ। ਜਿਸ ਦੀ ਮਿਸਾਲ ਪਿਛਲੇ ਦਿਨੀਂ ਜਗਰਾਓਂ ’ਚ ਇਕ ਵਪਾਰੀ ਤੋਂ ਮੰਗੀ ਗਈ ਫਿਰੌਤੀ ਦੀ ਰਕਮ ਵਸੂਲਣ ਲਈ ਆਏ ਫੜੇ ਗਏ ਦੋਸ਼ੀਆਂ ਤੋਂ ਦੇਖੀ ਜਾ ਸਕਦੀ ਹੈ। ਜਿੰਨਾਂ ਨੂੰ ਸਿਰਫ ਨਸ਼ਾ ਅਤੇ ਮਾਮੂਲੀ ਪੈਸੇ ਦੇ ਲਾਲਚ ਵਿਚ ਫਿਰੌਤੀ ਦੀ ਰਕਮ ਹਾਸਿਲ ਕਰਨ ਲਈ ਜਗਰਾਓਂ ਭੇਜਿਆ ਗਿਆ ਸੀ। ਪੈਸੇ ਦੇ ਲਾਲਚ ਅਤੇ ਨਸ਼ੇ ਦਾ ਲਾਲਚ ਦੇ ਕੇ ਹੁਣ ਛੋਟੇ ਬੱਚਿਆਂ ਨੂੰ ਨਵੀਂ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ। ਛੋਟੇ ਬੱਚਿਆਂ ਨੂੰ ਬਚਾਉਣ ਲਈ ਸਾਡੀ ਸਾਰਿਆਂ ਦੀ ਅਤੇ ਸਰਕਾਰ ਵੱਡੀ ਜਿੰਮੇਵਾਰੀ ਹੈ। ਜਿਸਨੂੰ ਗੰਭੀਰਤਾ ਨਾਲ ਨਿਭਾਇਆ ਜਾਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ ।