ਗੁਰਦਾਸਪੁਰ,10 ਫਰਵਰੀ (ਬੋਬੀ ਸਹਿਜਲ – ਧਰਮਿੰਦਰ): – ਕਾਦੀਆਂ ਦੇ ਮੁਹੱਲਾ ਕ੍ਰਿਸ਼ਨ ਨਗਰ ਦੇ ਇਕ ਖੰਡਰ ਬਣ ਚੁੱਕੇ ਮਕਾਨ ਵਿਚੋਂ ਇੱਕ ਮਨੁੱਖੀ ਕੰਕਾਲ ਮਿਲਿਆ।ਜਿਸ ਦੀ ਪਹਿਚਾਣ ਮਹਿੰਦਰ ਸਿੰਘ ਦੱਸੀ ਜਾ ਰਹੀ ਹੈ।ਪੁਲੀਸ ਵੱਲੋਂ ਕੰਕਾਲ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕੀਤੀ ਗਈ ਹੈ।ਜਾਣਕਾਰੀ ਦਿੰਦੇ ਹੋਏ ਥਾਣਾ ਕਾਦੀਆਂ ਦੇ ਏ ਐਸ ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਮੁਹੱਲੇ ਵਿੱਚ ਇੱਕ ਖੰਡਰ ਮਕਾਨ ਵਿੱਚ ਮਨੁੱਖੀ ਕੰਕਾਲ ਪਿਆ ਹੈ। ਅਸੀਂ ਮੌਕੇ ਤੇ ਪੁੱਜੇ ਜਿੱਥੇ ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਇਹ ਮਕਾਨ ਮੱਖਣ ਸਿੰਘ ਦਾ ਸੀ ਜਿਸ ਦੀ ਬਹੁਤ ਪਹਿਲਾਂ ਮੌਤ ਹੋ ਚੁੱਕੀ ਹੈ।ਜਿਸ ਦੇ ਪੰਜ ਪੁੱਤਰ ਸਨ ਜੋ ਦਿਮਾਗੀ ਤੌਰ ਤੇ ਕਮਜ਼ੋਰ ਸਨ।ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ।ਮਹਿੰਦਰ ਸਿੰਘ ਅਤੇ ਗੁਰਮੁਖ ਸਿੰਘ ਦੋਨੋਂ ਭਰਾ ਉਥੇ ਰਹਿੰਦੇ ਸਨ।ਮਹਿੰਦਰ ਸਿੰਘ ਦਿਮਾਗੀ ਪ੍ਰੇਸ਼ਾਨ ਹੋਣ ਕਾਰਨ ਲੋਕਾਂ ਨਾਲ ਲੜਦਾ-ਝਗੜਦਾ ਰਹਿੰਦਾ ਸੀ।ਜਿਸ ਤੋਂ ਦੁਖੀ ਹੋ ਕੇ ਗੁਰਮੁਖ ਸਿੰਘ ਕਿਰਾਏ ਤੇ ਰਹਿਣ ਲੱਗ ਪਿਆ ਤੇ ਮੁਹਿੰਦਰ ਸਿੰਘ ਘਰ ਵਿੱਚ ਇਕੱਲਾ ਰਹਿ ਗਿਆ। ਉਸ ਦੀ ਦੇਖਭਾਲ ਕਰਨ ਵਾਲਾ ਜਾਂ ਖ਼ਬਰ ਲੈਣ ਵਾਲਾ ਹੋਰ ਕੋਈ ਵੀ ਨਹੀਂ ਸੀ। ਅੱਜ ਮਹਿੰਦਰ ਸਿੰਘ ਦਾ ਕੰਕਾਲ ਇਸ ਮਕਾਨ ਵਿੱਚੋਂ ਮਿਲਿਆ ਹੈ। ਜਿਸ ਦੀ ਪਹਿਚਾਣ ਉਸ ਦੇ ਭਰਾ ਗੁਰਮੁੱਖ ਸਿੰਘ ਵੱਲੋਂ ਕੀਤੀ ਗਈ ਹੈ।ਅਸੀਂ ਕੰਕਾਲ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜੋ ਵੀ ਰਿਪੋਰਟ ਆਵੇਗੀ ਉਸੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ
।