ਲੁਧਿਆਣਾ -:(19.03.2022) ਬਿਉਰੋ : ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਨੇ ਇਹ ਰਿਪੋਰਟ ਨਾਮਜ਼ਦਗੀ ਪੱਤਰਾਂ ਦੇ ਨਾਲ ਦਿੱਤੇ ਹਲਫਨਾਮੇ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਜਲੰਧਰ ‘ਚ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਏ.ਡੀ.ਆਰ ਅਧਿਕਾਰੀਆਂ ਜਸਕੀਰਤ ਸਿੰਘ, ਹਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਵਿਧਾਇਕ ‘ਤੇ ਕਤਲ, 2 ‘ਤੇ ਹੱਤਿਆ ਦੀ ਕੋਸ਼ਿਸ਼ ਅਤੇ 3 ‘ਤੇ ਔਰਤਾਂ ਖਿਲਾਫ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਵਾਰ ਪੰਜਾਬ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਨੌਜਵਾਨ ਅਤੇ ਪੜ੍ਹੇ ਲਿਖੇ ਹਨ। ਹਾਲਾਂਕਿ ਦਾਗੀ ਵਿਧਾਇਕਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਕੁੱਲ 117 ਵਿਧਾਇਕਾਂ ‘ਚੋਂ 58 ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 52 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਕੁੱਲ 58 ‘ਚੋਂ 27 ਅਜਿਹੇ ਹਨ, ਜਿਨ੍ਹਾਂ ‘ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ‘ਆਪ’ ਦੇ 23, ਕਾਂਗਰਸ-ਅਕਾਲੀ ਦਲ ਦੇ ਦੋ-ਦੋ ਵਿਧਾਇਕ ਹਨ। 2017 ‘ਚ ਸਿਰਫ 27 ਵਿਧਾਇਕਾਂ ‘ਤੇ ਹੀ ਅਪਰਾਧਿਕ ਮਾਮਲੇ ਦਰਜ ਸਨ। ਇਨ੍ਹਾਂ ਵਿੱਚੋਂ ਸਿਰਫ਼ 11 ’ਤੇ ਹੀ ਗੰਭੀਰ ਮਾਮਲੇ ਦਰਜ ਸਨ ਪਰ ਇਸ ਵਾਰ ਵਿਧਾਨ ਸਭਾ ਵਿੱਚ ਪੁੱਜੇ ਅੱਧੇ ਮੈਂਬਰਾਂ ’ਤੇ ਕੇਸ ਦਰਜ ਹਨ।
