ਅਬੋਹਰ, ਫਾਜਿ਼ਲਕਾ 12 ਫਰਵਰੀ (ਵਿਕਾਸ ਮਠਾੜੂ-ਬੋਬੀ ਸਹਿਜਲ) ਡਿਪਟੀ ਕਮਿਸ਼ਨਰ ਫਾਜਿ਼ਲਕਾ ਅਤੇ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਡਾ: ਸੇਨੂੰ ਦੂੱਗਲ ਆਈ.ਏ.ਐਸ ਦੇ ਨਿਰਦੇਸ਼ਾਂ ਅਨੁਸਾਰ ਅਬੋਹਰ ਸ਼ਹਿਰ ਵਿਚੋਂ 100 ਬੇਸਹਾਰਾ ਜਾਨਵਰਾਂ ਫੜ੍ਹ ਕੇ ਗਊਸ਼ਾਲਾ ਭੇਜ ਦਿੱਤਾ ਗਿਆ ਹੈ ਅਤੇ 400 ਬੇਸਹਾਰਾ ਜਾਨਵਰਾਂ ਨੂੰ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ ਵੀ ਬੇਸਹਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਵਿੱਚ ਭੇਜਿਆ ਗਿਆ ਹੈ ਤੇ ਮਾਣਯੋਗ ਡਿਪਟੀ ਕਮਿਸ਼ਨਰ ਖੁਦ ਇਨ੍ਹਾਂ ਪਸ਼ੂਆਂ ਨੂੰ ਫੜਨ ਵਾਲੀ ਮੁਹਿੰਮ ਨੂੰ ਲਗਾਤਾਰ ਤੇਜ਼ ਕਰਨ ਦੇ ਉਪਰਾਲੇ ਕਰ ਰਹੇ ਹਨ ਤਾਂ ਜੋ ਜ਼ਿਲ੍ਹੇ ਨੂੰ ਬੇਸਹਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸਿਆਂ ਤੋਂ ਨਿਜ਼ਾਤ ਮਿਲ ਸਕੇ। ਇਹ ਜਾਣਕਰੀ ਐੱਸ.ਡੀ.ਐੱਮ ਅਬੋਹਰ ਆਕਾਸ਼ ਬਾਂਸਲ ਨੇ ਦਿੱਤੀ।
ਐੱਸ.ਡੀ.ਐੱਮ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਰਾਜ ਗਊ ਸੇਵਾ ਆਯੋਗ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਅਬੋਹਰ ਫਾਜ਼ਿਲਕਾ ਰੋਡ ਤੇ ਬਣੀ ਨੰਦੀਸ਼ਾਲਾ ਗਊਸ਼ਾਲਾ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪੜਾਅਵਾਰ ਤਰੀਕੇ ਨਾਲ ਗਊਸ਼ਾਲਾ ਵਿੱਚ ਬੇਸਹਾਰਾ ਪਸ਼ੂਆਂ ਨੂੰ ਭੇਜਣ ਦੀ ਮੁਹਿੰਮ ਕੱਲ੍ਹ ਦਿਨ ਸੋਮਵਾਰ ਦੁਬਾਰਾ ਫਿਰ ਅਬੋਹਰ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਮੁਹਿੰਮ ਚਲਾ ਕੇ ਬੇਸਹਾਰਾ ਪਸ਼ੂਆਂ ਨੂੰ ਫੜਿਆ ਜਾ ਰਿਹਾ ਹੈ ਤੇ ਇਸੇ ਮੁਹਿੰਮ ਦੇ ਤਹਿਤ ਅਬੋਹਰ ਸ਼ਹਿਰ ਵਿੱਚੋਂ 100 ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਿਆ ਗਿਆ ਅਤੇ ਇਸੇ ਤਰ੍ਹਾਂ ਅਨੇਕਾਂ ਹੀ ਬੇਸਹਾਰਾ ਪਸ਼ੂ ਫਾਜ਼ਿਲਕਾ ਵਿੱਚੋਂ ਫੜ੍ਹ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਗਿਆ ਹੈ।ਉਨ੍ਹ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਇੱਥੇ ਵੱਡੀ ਗਿਣਤੀ ‘ਚ ਅਵਾਰਾ ਤੇ ਬੇਸਹਾਰਾ ਪਸ਼ੂ ਦੇਖਣ ਨੂੰ ਮਿਲਦੇ ਸਨ ਜੋ ਕਿ ਦੁਰਘਟਨਾਵਾਂ ਦਾ ਸਬੱਬ ਬਣਦੇ ਸਨ।ਇਸ ਤੋਂ ਇਲਾਵਾ ਕੁਝ ਪਸ਼ੂ ਪਾਲਕ ਅਵਾਰਾ ਪਸ਼ੂ ਰਾਤ ਸਮੇਂ ਛੱਡ ਕੇ ਜਾਂਦੇ ਹਨ ਜੋ ਕਿ ਸਮੂਹ ਜ਼ਿਲ੍ਹਾ ਵਾਸੀਆਂ ਲਈ ਵੱਡੀਆਂ ਪ੍ਰੇਸ਼ਾਨੀਆਂ ਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ | ਉਨ੍ਹਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਸੜਕਾਂ ਉਪਰ ਅਵਾਰਾ ਘੁੰਮ ਰਹੇ ਪਸ਼ੂਆਂ ਕਾਰਨ ਸੜ੍ਹਕੀ ਹਾਦਸੇ ਨਾ ਹੋਣ ਤੇ ਇਨ੍ਹਾਂ ਨੂੰ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। ਪਸ਼ੂ ਪਾਲਕ ਪਸ਼ੂਆਂ ਨੂੰ ਖੁੱਲ੍ਹਾ ਛੱਡਣ ਦੀ ਬਜਾਏ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਊਸ਼ਾਲਿਆਂ ਵਿੱਚ ਭੇਜਣ ਜਿੱਥੇ ਜਾਨਵਰਾਂ ਦੀ ਸੰਭਾਲ ਵੀ ਸਹੀ ਤਰੀਕੇ ਨਾਲ ਹੋ ਸਕੇ ਅਤੇ ਇੰਨ੍ਹਾਂ ਕਾਰਨ ਹੋਣ ਵਾਲੇ ਹਾਦਸੇ ਵੀ ਬੰਦ ਹੋ ਸਕਣ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਕਾਰਜ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ ਤਾਂ ਜੋ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਜਲਦੀ ਤੋਂ ਜਲਦੀ ਅਵਾਰਾ ਪਸ਼ੂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਸ ਕਾਰਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।