ਜਗਰਾਓਂ, 8 ਮਈ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਡਾਇਰੈਕਟਰ ਸ਼ਸ਼ੀ ਜੈਨ ਦੀ ਅਗਵਾਈ ਹੇਠ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਦੀ ਪੜ੍ਹਾਈ ਵਿੱਚ ਨਿਖਾਰ ਲਿਆਉਣਾ ਅਤੇ ਉਤਸ਼ਾਹ ਪੈਦਾ ਕਰਨਾ ਹੈ। ਕਵਿਤਾ ਦਾ ਵਿਸ਼ਾ ਬਚਪਨ, ਸੂਰਜ ਚੜ੍ਹਨਾ, ਸਵੇਰਾ, ਮੇਰੇ ਖਿਡੌਣੇ ਅਤੇ ਮੁਸਕਰਾਉਣਾ ਸੀ। ਵਿਦਿਆਰਥੀਆਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਕਵਿਤਾਵਾਂ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਵਲੋਂ ਕਵਿਤਾਵਾਂ ਅਨੁਸਾਰ ਕਪੜੇ ਪਹਿਨੇ ਹੋਏ ਸਨ। ਬੱਚਿਆਂ ਨੇ ਕਵਿਤਾ ਰਾਹੀਂ ਸੰਦੇਸ਼ ਦਿੱਤਾ ਕਿ ਸਾਨੂੰ ਆਪਣੇ ਬਚਪਨ ਅਤੇ ਮਿੱਠੀਆਂ ਯਾਦਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਹਮੇਸ਼ਾ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ। ਇਸ ਨੂੰ ਜੀਵਨ ਦਾ ਉਦੇਸ਼ ਬਣਾਉਣਾ ਚਾਹੀਦਾ ਹੈ। ਕੁਦਰਤ ਦਾ ਤੋਹਫ਼ਾ ਸੂਰਜ ਅਤੇ ਪੌਦਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਧਿਆਪਕ ਅੰਜੂ ਕੌਸ਼ਲ ਅਤੇ ਰਿਸ਼ੂ ਜੈਨ ਨੇ ਜੱਜ ਵਜੋਂ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਜਮਾਤ ਦੂਜੀ ਦੀ ਨਵਿਆ ਕਲਸੀ ਨੇ ਪਹਿਲਾ ਅਤੇ ਜਮਾਤ ਪਹਿਲੀ ਦੀ ਸ਼ਿਵਰੀਤ ਕੌਰ ਅਤੇ ਗੁਰਸ਼ਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਮਾਤ ਪਹਿਲੀ ਦੀ ਜਸਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਡਾਇਰੈਕਟਰ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰੀਆ ਖੁਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ।