ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੰਤੋਸ਼ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਇੱਥੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਭਾਵੇਂ ਕਿ ਇਹ ਸਿਰਫ ਪੰਜਾਬ ਦੇ ਇਕ ਹੀ ਲੋਕ ਸਭਾ ਹਲਕੇ ਦੀਆਂ ਚੋਣਾਂ ਹਨ ਪਰ ਇਸ ਜ਼ਿਮਨੀ ਚੋਣ ਦੇ ਨਤੀਜੇ ਦਾ ਅਸਰ ਸਾਰੀਆਂ ਸਿਆਸੀ ਪਾਰਟੀਆਂ ’ਤੇ ਪਵੇਗਾ। ਆਉਣ ਵਾਲਾ ਰਾਜਨੀਤਿਕ ਭਵਿੱਖ ਦੀ ਤਸਵੀਰ ਸਾਫ਼ ਕਰੇਗਾ। ਇਹ ਚੋਣ ਜਿੱਤਣਾ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਾਰਿਆਂ ਲਈ ਨੱਕ ਦਾ ਸਵਾਲ ਹੈ। ਕਾਂਗਰਸ ਪਾਰਟੀ ਨੇ ਲੋਕ ਸਭਾ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਉਮੀਦਵਾਰ ਬਣਾਇਆ ਹੈ। ਜੇਕਰ ਕਾਂਗਰਸ ਇਹ ਸੀਟ ਫਿਰ ਤੋਂ ਜਿੱਤਦੀ ਹੈ ਤਾਂ ਉਹ ਪੰਜਾਬ ਵਿੱਚ ਆਪਣੀ ਭਰੋਸੇਯੋਗਤਾ ਬਰਕਰਾਰ ਰੱਖ ਸਕੇਗੀ। ਇਸ ਜਿੱਤ ਦਾ ਅਸਰ ਕਾਂਗਰਸ ਲਈ ਰਾਸ਼ਟਰੀ ਪੱਧਰ ਤੱਕ ਪਹੁੰਚੇਗਾ। ਇਸ ਲਈ ਇਸ ਵਾਰ ਕਾਂਗਰਸ ਪਾਰਟੀ ਆਪਸੀ ਮਤਭੇਦ ਭੁਲਾ ਕੇ ਪੂਰੀ ਵਿਉਂਤਬੰਦੀ ਨਾਲ ਮੈਦਾਨ ਵਿਚ ਖੜੀ ਹੋਈ ਹੈ। ਸਮੁੱਚੀ ਪੰਜਾਬ ਕਾਂਗਰਸ ਇਕਜੁੱਟ ਹੋ ਕੇ ਪ੍ਰਚਾਰ ਕਰਨ ਲਈ ਕੰਮ ਕਰ ਰਹੀ ਹੈ। ਕਾਂਗਰਸ ਵਲੋਂ ਪੂਰੇ ਇਲਾਕੇ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ ਅਤੇ ਸਾਰੇ ਜ਼ੋਨਾਂ ਦੇ ਇੰਚਾਰਜ ਵੱਖਰੇ ਤੌਰ ’ਤੇ ਬਣਾਏ ਗਏ। ਜਿਸ ਵਿਚ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣੀ ਟੀਮ ਨਾਲ ਵੱਖ-ਵੱਖ ਖੇਤਰਾਂ ਵਿੱਚ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਸਮੱੁਚੀ ਪੰਜਾਬ ਦੀ ਲੀਡਰਸ਼ਿਪ ਇੱਕਜੁੱਟ ਹੋ ਕੇ ਕੰਮ ਕਰ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਉੱਥੇ ਚੋਣ ਜਿੱਤਦੀ ਹੈ ਤਾਂ ਪੰਜਾਬ ਵਿੱਚ ਉਸਦੀ ਸਰਕਾਰ ਦੇ ਸਵਾ ਸਾਲ ਦੇ ਕੰਮਾਂ ਨੂੰ ਲੋਕਾਂ ਦਾ ਕਬੂਲਨਾਮਾ ਮੰਨਿਆ ਜਾਵੇਗਾ। ਇਸ ਜਿੱਤ ਦਾ ਅਸਰ ਰਾਸ਼ਟਰੀ ਪੱਧਰ ’ਤੇ ਆਮ ਆਦਮੀ ਪਾਰਟੀ ਦੇ ਹੱਕ ’ਚ ਜਾਵੇਗਾ। ਉਧਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਲੀਡਰਸ਼ਿਪ ਚੋਣਾਂ ਜਿੱਤਣ ਲਈ ਪੂਰੀ ਸ਼ਿੱਜਤ ਨਾਲ ਕੰਮ ਕਰ ਰਹੇ ਹਨ। ਇਸ ਲਈ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਜੇਕਰ ਅਕਾਲੀ ਦਲ ਇਹ ਸੀਟ ਜਿੱਤ ਲੈਂਦਾ ਹੈ ਤਾਂ ਉਹ ਪੰਜਾਬ ਵਿਚ ਆਪਣੀ ਖੁੱਸ ਚੁੱਕੀ ਸਿਆਸੀ ਜਮੀਨ ਤੇ ਪੈਰ ਰੱਖਣ ਜੋਦਾ ਹੋ ਜਾਣਗੇ। ਚੌਥੀ ਧਿਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਸ ਜਿੱਤ ਲਈ ਉਨ੍ਹਾਂ ਦੀ ਕੇਂਦਰੀ ਲੀਡਰਸ਼ਿਪ ਦੇ ਵੱਡੇ-ਵੱਡੇ ਮੰਤਰੀ ਅਤੇ ਆਗੂ ਜਲੰਧਰ ’ਚ ਡੇਰੇ ਲਾਏ ਹੋਏ ਹਨ। ਉਥੇ ਹੀ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਭਾਜਪਾਈ ਬਣ ਚੁੱਕੇ ਹਨ, ਉਹ ਵੀ ਇਸ ਚੋਣ ਲਈ ਭਾਜਪਾ ਨਾਲ ਕਦਮ ਮਿਲਾ ਕੇ ਕੰਮ ਕਰ ਰਹੇ ਹਨ। ਜੇਕਰ ਬੀ.ਜੇ.ਪੀ. ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਪੰਜਾਬ ਵਿਚ ਪੈਰ ਜਮਾਉਣ ਲਈ ਅੱਗੇ ਵਧ ਸਕੇਗੀ। ਹੁਣ ਜੇਕਰ ਉਥੇ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਨਫੇ-ਨੁਕਸਾਨ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਵੇਂ ਪੰਜਾਬ ਦੀ ਲੀਡਰਸ਼ਿਪ ਸ. ਇਸ ਸਮੇਂ ਇੱਕਜੁੱਟ ਨਜ਼ਰ ਆ ਰਹੇ ਹਨ ਪਰ ਅੰਦਰੋਂ ਇੱਕਜੁੱਟ ਨਹੀਂ ਹਨ। ਉਹ ਇੱਕ ਦੂਜੇ ਖਿਲਾਫ ਕੋਈ ਵੀ ਮੌਕਾ ਹਛੋਂ ਨਹੀਂ ਜਾਣ ਦਿੰਦੇ। ਇਸ ਤੋਂ ਇਲਾਵਾ ਕੇਂਦਰੀ ਲੀਡਰਸ਼ਿਪ ਵਲੋਂ ਵੀ ਇਥੇ ਪ੍ਰਚਾਰ ਲਈ ਨਾ ਆਉਣਾ ਉਨ੍ਹਾਂ ਦਾ ਨੈਗਟਿਵ ਪੁਆਇੰਟ ਹੈ ਪਰ ਇਹ ਸੀਟ ਜਿੱਤ ਕੇ ਹੀ ਕਾਂਗਰਸ ਅਗਲੇ ਮੈਦਾਨ ਲਈ ਖੜ੍ਹੀ ਰਹਿ ਸਕਦੀ ਹੈ। ਆਮ ਆਦਮੀ ਲਈ ਉਨ੍ਹਾਂ ਦੇ ਵਿਧਾਇਕ ਲਾਲਚੰਦ ਕਟਾਰੂਚੱਕ ਦਾ ਮੁੱਦਾ ਅਤੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕਾਰ ਸਿੰਘ ਵਲੋਂ ਉੱਥੇ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਵੋਟ ਪਾਉਣ ਦੀ ਅਪੀਲ ਕਰਨੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਹੋਈਆਂ ਗਤੀਵਿਧੀਆਂ ਉਨ੍ਹਾਂ ਲਈ ਭਾਰੀ ਰੁਕਾਵਟ ਦਾ ਸਬੱਬ ਹਨ ਹੀ ਇਸਦੇ ਨਾਲ ਹਾਲ ਹੀ ਵਿੱਚ ਦਿੱਲੀ ਦੀ ਇੱਕ ਮਹਿਲਾ ਪੱਤਰਕਾਰ ਵਿਰੁੱਧ ਐਸਸੀ ਐਸਟੀ ਐਕਟ ਤਹਿਤ ਮੁਕਦਮਾ ਦਰਜ ਕਰਨਾ ਅਤੇ ਪੰਜਾਬ ਵਿੱਚ ਹੋਰ ਥਾਵਾਂ ’ਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਵੀ ਪਾਰਟੀ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਭਾਵੇਂ ਬਸਪਾ ਗਠਜੋੜ ਨਾਲ ਚੋਣ ਮੈਦਾਨ ਵਿੱਚ ਹੋਵੇ ਪਰ ਉਨ੍ਹਾਂ ਦੀ ਲੀਡਰਸ਼ਿਪ ਬੇਅਦਬੀ ਦੀਆਂ ਘਟਨਾਵਾਂ ਕਾਰਨ ਬੈਕਫੁੱਟ ਤੇ ਹੈ। ਇਹ ਦਾਗ ਇਨ੍ਹਾਂ ਗਹਿਰਾ ਹੋ ਚੁੱਕਾ ਹੈ ਕਿ ਲੋਕ ਮਾਫ ਕਰਨ ਲਈ ਤਿਆਰ ਨਹੀਂ ਹਨ। ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਪੰਜਾਬ ’ਚ ਇਕੱਲਿਆਂ ਚੋਣ ਲੜ ਕੇ ਆਪਣਾ ਤਜਰਬਾ ਕਰ ਰਹੀ ਹੈ। ਭਾਵੇਂ ਭਾਜਪਾ ਆਪਣੀ ਕੇਂਦਰੀ ਲੀਡਰਸ਼ਿਪ ਨਾਲ ਉਥੇ ਡੇਰੇ ਲਾ ਰਹੀ ਹੈ, ਪਰ ਇਸ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਕੇਂਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿਰੁੱਧ ਚੁੱਕੇ ਜਾ ਰਹੇ ਕਦਮਾਂ ਦਾ ਜਵਾਬ ਉਨ੍ਹਾਂ ਕੋਲ ਨਹੀਂ ਹੈ। ਇਸ ਲਈ ਮੌਜੂਦਾ ਸਿਆਸੀ ਸਮੀਕਰਨਾਂ ’ਤੇ ਨਜ਼ਰ ਮਾਰੀਏ ਤਾਂ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਅਤੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਣ ਜਾ ਰਿਹਾ ਹੈ। ਇਸ ਚੋਣ ਵਿੱਚ ਜਿੱਤ-ਹਾਰ ਤੋਂ ਬਾਅਦ ਇਨ੍ਹਾਂ ਸਾਰੀਆਂ ਪਾਰਟੀਆਂ ਵਿੱਚ ਸਿਆਸੀ ਸਮੀਕਰਨ ਬਦਲਦੇ ਨਜ਼ਰ ਆਉਣਗੇ। ਇਸ ਲਈ ਜਲੰਧਰ ਉਪ ਚੋਣ ਦੇ ਨਤੀਜਿਆਂ ’ਤੇ ਸਭ ਦੀ ਨਜ਼ਰ ਹੋਵੇਗੀ।
ਹਰਵਿੰਦਰ ਸਿੰਘ ਸੱਗੂ।