ਜਗਰਾਉਂ, 12 ਫਰਵਰੀ ( ਭਗਵਾਨ ਭੰਗੂ) -ਜਮਾਤ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਅਤੇ ਅਕਾਲ ਪੁਰਖ ਤੋਂ ਆਸ਼ੀਰਵਾਦ ਲੈਣ ਲਈ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਤਾਂ ਜੋ ਪਰਮਪਿਤਾ ਪਰਮਾਤਮਾ ਦੇ ਆਸ਼ੀਰਵਾਦ ਨਾਲ ਬੱਚਿਆਂ ਦੀਆਂ ਪ੍ਰੀਖਿਆਵਾਂ ਵਿਚ ਕਾਰਗੁਜ਼ਾਰੀ ਵਿਲੱਖਣ ਹੋ ਜਾਵੇ।
ਸ਼ੁਰੂਆਤ ਵਿੱਚ ਬੱਚਿਆਂ ਨੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਤੋਂ ਵਿੱਦਿਆ ਰੂਪੀ ਆਸ਼ੀਰਵਾਦ ਲੈਣ ਲਈ ਵੰਦਨਾ ਕੀਤੀ। ਫਿਰ ਅਧਿਆਪਕ ਸਾਹਿਬਾਨਾਂ ਦੁਆਰਾ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤੇ ਗਏ, ਜਿਸ ਵਿੱਚ ਸਾਰਾ ਸਕੂਲ ਸ਼ਾਮਿਲ ਸੀ। ਪਾਠ ਉਪਰੰਤ ਬੱਚਿਆਂ ਨੂੰ ਦੇਗ ਦਾ ਪ੍ਰਸ਼ਾਦ ਵੰਡਿਆ ਗਿਆ।ਪ੍ਰਿੰਸੀਪਲ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਲਾਨਾ ਪ੍ਰੀਖਿਆ ਤੁਹਾਡੀ ਸਾਰੇ ਸਾਲ ਦੀ ਕੀਤੀ ਗਈ ਮਿਹਨਤ ਦਾ ਮੁਲਾਂਕਣ ਹੈ। ਇਸ ਲਈ ਆਪਣੇ ਪੇਪਰਾਂ ਦੀ ਤਿਆਰੀ ਪੂਰੀ ਮਿਹਨਤ ਅਤੇ ਲਗਨ ਨਾਲ ਕਰਨੀ ਤਾਂ ਜੋ ਪੇਪਰਾਂ ਵਿੱਚੋਂ ਚੰਗੇ ਅੰਕ ਪ੍ਰਾਪਤ ਕਰ ਸਕੀਏ।