“ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕਠਾ ਕੀਤਾ ਜਾਵੇ-ਵਧੀਕ ਡਿਪਟੀ ਕਮਿਸ਼ਨਰ”
ਜਲਾਲਾਬਾਦ,14 ਫਰਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਮਨਦੀਪ ਕੌਰ ਵੱਲੋਂ ਸ਼ਹਿਰ ਦੀ ਸਾਫ-ਸਫਾਈ ਅਤੇ ਵਿਕਾਸ ਕਾਰਜਾ ਨੂੰ ਮੁੱਖ ਰੱਖਦੇ ਹੋਏ ਜਲਾਲਾਬਾਦ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੁਰਾਣੀ ਤਹਿਸੀਲ, ਸ਼ਹੀਦ ਉੱਧਮ ਸਿੰਘ ਪਾਰਕ, ਐਮ.ਆਰ.ਐਫ ਨੰਬਰ 2 (ਮਟੀਰੀਅਲ ਰਿਕਵਰੀ ਫੈਸਿਲਿਟੀ) ਅਤੇ ਡੰਪ ਸਾਈਟ, ਨਗਰ ਕੌਂਸਲ ਅਤੇ ਪ੍ਰਾਈਵੇਟ ਸੁਸਾਇਟੀਆਂ ਦੁਆਰਾ ਬਣਵਾਏ ਗਏ ਪਾਰਕਾਂ ਦੀ ਜਾਂਚ ਕੀਤੀ।ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਐਨ.ਜੀ.ਟੀ. ਦੀਆਂ ਹਦਾਇਤ ਤਹਿਤ ਤੈਅ ਸਮੇਂ ਅੰਦਰ ਬਾਇਓਰੀਮੀਡੇਸ਼ਨ (ਪੁਰਾਣੇ ਕਚਰੇ ਦਾ ਨਿਬੇੜਾ) ਦੇ ਕੰਮ ਨੂੰ ਮੁਕੰਮਲ ਕੀਤਾ ਜਾਵੇ।ਵਧੀਕ ਡਿਪਟੀ ਕਮਿਸ਼ਨਰ ਨੇ ਜਲਾਲਾਬਾਦ ਦੇ ਦੌਰੇ ਦੌਰਾਨ ਕਿਹਾ ਕਿ ਨਗਰ ਕੌਂਸਲ ਜਲਾਲਾਬਾਦ ਵਲੋਂ ਸਾਰੇ ਰਹਾਇਸ਼ੀ ਅਤੇ ਕਮਰਸ਼ੀਅਲ ਖੇਤਰ ਤੋਂ ਗਿਲਾ ਤੇ ਸੁੱਕਾ ਕੁੜਾ ਵੱਖ-ਵੱਖ ਇਕਠਾ ਕਰਵਾ ਕੇ ਗਿੱਲੇ ਕੂੜੇ ਦੀ 100 ਪ੍ਰਤੀਸ਼ਤ ਖਾਦ ਬਣਾਈ ਜਾਵੇ ਅਤੇ ਸੁੱਕੇ ਕੂੜੇ ਨੂੰ ਐਮ.ਆਰ.ਐਫ ਤੇ ਵੀ ਵੱਖ-ਵੱਖ ਕਰਕੇ ਸਟੋਰ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਪਲਾਸਟਿਕ, ਲਿਫਾਫੇ ਅਤੇ ਨਾ ਗਲਣਯੋਗ ਕੂੜੇ ਨੂੰ ਖਾਸ ਤੌਰ ਤੇ ਵੱਖ ਰਖਿਆ ਜਾਵੇ ਤਾਂ ਜੋ ਇਸ ਦਾ ਸਮੇਂ ਸਿਰ ਤੇ ਢੁੱਕਵੇਂ ਸਾਧਨਾਂ ਰਾਹੀਂ ਨਿਪਟਾਰਾ ਕੀਤਾ ਜਾ ਸਕੇ।ਉਨ੍ਹਾਂ ਗਿੱਲੇ ਕੁੜੇ ਤੋਂ ਤਿਆਰ ਕੀਤੀ ਜਾਂਦੀ ਜੈਵਿਕ ਖਾਦ ਵਾਲੀਆਂ ਕੰਪੋਸਟ ਪਿਟਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਤਹਿਤ ਘਰਾਂ ਤੋਂ ਕੂੜਾ ਵੱਖ-ਵੱਖ ਇਕਠਾ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕੇ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਦਿਖ ਦੀ ਬਿਹਤਰੀ ਲਈ ਸ਼ਹਿਰ ਦੀ ਸਾਫ-ਸਫਾਈ ਵਿਵਸਥਾ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਜਨਤਕ ਥਾਵਾਂ,ਪਾਰਕਾਂ ਅਤੇ ਜਨਤਕ ਪਖਾਨਿਆਂ ਦੀ ਰੋਜਾਨਾ ਦੇ ਆਧਾਰ ਤੇ ਸਾਫ-ਸਫਾਈ ਕਰਨੀ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸ਼ਹਿਰ ਅੰਦਰ ਕੂੜਾ-ਕਰਕਟ ਦੇ ਢੇਰ ਲਗੇ ਨਾ ਨਜਰ ਨਾ ਆਉਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਵੇਖਦਿਆਂ ਹਰ ਥਾਂ ਦੀ ਸਾਫ-ਸਫਾਈ ਲਾਜਮੀ ਹੈ।ਇਸ ਮੌਕੇ ਕਾਰਜ ਸਾਧਕ ਅਫਸਰ ਜਲਾਲਾਬਾਦ ਬਲਵਿੰਦਰ ਸਿੰਘ,ਸੀ.ਐਫ.ਗੁਰਦੇਵ ਸਿੰਘ ਖਾਲਸਾ,ਰਾਮ ਪ੍ਰਤਾਪ ਵਰਕਸ ਬਰਾਂਚ, ਸੰਦੀਪ ਕੁਮਾਰ ਸੈਨੀਟੇਸ਼ਨ ਸ਼ਾਖਾ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।
